ਕੈਨੇਡਾ ‘ਚ ਰਹਿੰਦੇ ਅਤੇ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮਾਸਟਰਮਾਈਂਡ ਮੰਨੇ ਜਾਂਦੇ ਗੋਲਡੀ ਬਰਾੜ ਵੱਲੋਂ ਸੋਸ਼ਲ ਮੀਡੀਆ ਜ਼ਰੀਏ ਧਮਕੀ ਦਿੱਤੀ ਗਈ ਹੈ। ਇਹ ਧਮਕੀ ਪੰਜਾਬ ਪੁਲਿਸ ਨੂੰ ਦਿੱਤੀ ਗਈ ਹੈ। ਧਮਕੀ ‘ਚ ਉਸ ਨੇ ਕਿਹਾ ਕਿ ਕੇਂਦਰੀ ਜੇਲ੍ਹ ਬਠਿੰਡਾ ਦਾ ਇਕ ਸਹਾਇਕ ਸੁਪਰਡੈਂਟ ਬਠਿੰਡਾ ਜੇਲ੍ਹ ‘ਚ ਬੰਦ ਉਨ੍ਹਾਂ ਦੇ ਸਾਥੀਆਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ। ਗੋਲਡੀ ਨੇ ਕਿਹਾ ਹੈ ਕਿ ਬਠਿੰਡਾ ‘ਚ ਸਾਡੇ ਭਰਾ ਸਾਰਜ ਸੰਧੂ, ਬੌਬੀ ਮਲਹੋਤਰਾ ਤੇ ਜਗਰੋਸ਼ਨ ਹੁੰਦਲ ਨੂੰ ਤੰਗ ਕੀਤਾ ਜਾ ਰਿਹਾ ਹੈ। ਡੀ.ਜੀ.ਪੀ. ਗੌਰਵ ਯਾਦਵ ਤੇ ਜੇਲ੍ਹ ਮੰਤਰੀ ਹਰਜੋਤ ਬੈਂਸ ਜੇਲ੍ਹ ਦੇ ਡਿਪਟੀ ਸੁਪਰਡੈਂਟ ਦੇ ਖਿਲਾਫ ਕਾਰਵਾਈ ਕਰਨ। ਗੋਲਡੀ ਨੇ ਲਿਖਿਆ ਹੈ ਬਠਿੰਡਾ ਕੇਂਦਰੀ ਜੇਲ੍ਹ ‘ਚ ਬੌਬੀ ਮਲਹੋਤਰਾ, ਸਾਰਜ ਸੰਧੂ ਤੇ ਜਗਰੋਸ਼ਨ ਹੁੰਦਲ ਨੂੰ ਡਿਪਟੀ ਤੰਗ ਕਰ ਰਿਹਾ ਹੈ। ਉਹ ਸਾਡੇ ਭਰਾਵਾਂ ਤੋਂ ਪੈਸੇ ਮੰਗਦਾ ਹੈ। ਉਸ ਨੇ ਬਿਨਾਂ ਵਜ੍ਹਾ ਇਨ੍ਹਾਂ ਦੀ ਕੁੱਟਮਾਰ ਕੀਤੀ ਹੈ। ਮੈਂ ਪੰਜਾਬ ਸਰਕਾਰ ਤੇ ਜੇਲ੍ਹ ਮੰਤਰੀ ਹਰਜੋਤ ਬੈਂਸ ਤੋਂ ਮੰਗ ਕਰਦਾ ਹਾਂ ਕਿ ਸਾਡੇ ਭਰਾਵਾਂ ਦੀ ਜੇਲ੍ਹ ਬਦਲੀ ਜਾਵੇ। ਡਿਪਟੀ ਸੁਪਰਡੈਂਟ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਜੇਕਰ ਸਾਡੇ ਭਰਾਵਾਂ ਦਾ ਕੋਈ ਨੁਕਸਾਨ ਹੋਇਆ ਤਾਂ ਉਸ ਦੀ ਜ਼ਿੰਮੇਵਾਰੀ ਜੇਲ੍ਹ ਪੁਲੀਸ ਦੀ ਹੋਵੇਗੀ।