ਇੰਡੀਆ ਵੱਲੋਂ ਤੇਈ ਸਤੰਬਰ ਨੂੰ ਕੈਨੇਡਾ ‘ਚ ਰਹਿੰਦੇ ਆਪਣੇ ਨਾਗਰਿਕਾਂ ਤੇ ਵਿਦਿਆਰਥੀ ਨੂੰ ਜਾਰੀ ਕੀਤੀ ਐਡਵਾਇਜ਼ਰੀ ਮਗਰੋਂ ਹੁਣ ਕੈਨੇਡਾ ਨੇ ਵੀ ਇਕ ਐਡਵਾਇਜ਼ਰੀ ਜਾਰੀ ਕੀਤੀ ਹੈ। ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਗੁਜਰਾਤ, ਪੰਜਾਬ ਅਤੇ ਰਾਜਸਥਾਨ ਰਾਜਾਂ ਦੇ ਸਾਰੇ ਖੇਤਰਾਂ ‘ਚ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ, ਜੋ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਨੂੰ ਸਾਂਝਾ ਕਰਦੇ ਹਨ। ਇਸ ਐਡਵਾਇਜ਼ਰੀ ‘ਚ ਕਿਹਾ ਗਿਆ ਹੈ ਕਿ ਅਣਕਿਆਸੀ ਸੁਰੱਖਿਆ ਸਥਿਤੀ ਅਤੇ ਬਾਰੂਦੀ ਸੁਰੰਗਾਂ ਅਤੇ ਗੈਰ-ਵਿਸਫੋਟਕ ਹਥਿਆਰਾਂ ਦੀ ਮੌਜੂਦਗੀ ਦੇ ਕਾਰਨ ਗੁਜਰਾਤ, ਪੰਜਾਬ ਅਤੇ ਰਾਜਸਥਾਨ ਰਾਜਾਂ ‘ਚ ਸਾਰੇ ਨਾਗਰਿਕਾਂ ਨੂੰ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ 10 ਕਿਲੋਮੀਟਰ ਦੇ ਅੰਦਰ ਦੇ ਖੇਤਰਾਂ ‘ਚ ਯਾਤਰਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕੈਨੇਡਾ ਸਰਕਾਰ ਵੱਲੋਂ ਆਪਣੀ ਵੈੱਬਸਾਈਟ ‘ਤੇ ਜਾਰੀ ਕੀਤੀ ਯਾਤਰਾ ਸਲਾਹ, ਜਿਸ ਨੂੰ ਆਖਰੀ ਵਾਰ 27 ਸਤੰਬਰ ਨੂੰ ਅੱਪਡੇਟ ਕੀਤਾ ਗਿਆ ਸੀ, ਨੇ ਆਪਣੇ ਨਾਗਰਿਕਾਂ ਨੂੰ ‘ਦੇਸ਼ ਭਰ ਵਿੱਚ ਅੱਤਵਾਦੀ ਹਮਲਿਆਂ ਦੇ ਖਤਰੇ’ ਦੇ ਕਾਰਨ ਇੰਡੀਆ ‘ਚ ਉੱਚ ਪੱਧਰੀ ਸਾਵਧਾਨੀ ਵਰਤਣ ਲਈ ਕਿਹਾ ਹੈ। ਇਸ ਸਲਾਹ ‘ਚ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ‘ਚ ਜਾਂ ਉਸ ਦੇ ਅੰਦਰ ਯਾਤਰਾ ਕਰਨਾ ਸ਼ਾਮਲ ਨਹੀਂ ਹੈ। ਐਡਵਾਇਜ਼ਰੀ ਨੇ ਲੋਕਾਂ ਨੂੰ ‘ਅੱਤਵਾਦ ਅਤੇ ਕੱਟੜਵਾਦ ਦੇ ਖਤਰੇ ਦੇ ਕਾਰਨ’ ਅਸਾਮ ਅਤੇ ਮਨੀਪੁਰ ਦੀ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਵੀ ਅਪੀਲ ਕੀਤੀ ਹੈ। ਯਾਦ ਰਹੇ ਕਿ ਇਸ ਤੋਂ ਪਹਿਲਾਂ ਇੰਡੀਆ ਨੇ 23 ਸਤੰਬਰ ਨੂੰ ਕੈਨੇਡਾ ‘ਚ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਦੇਸ਼ ‘ਚ ਵੱਧ ਰਹੇ ਅਪਰਾਧਾਂ ਅਤੇ ਇੰਡੀਆ ਵਿਰੋਧੀ ਗਤੀਵਿਧੀਆਂ ਦੇ ਵਿਚਕਾਰ ਚੌਕਸ ਰਹਿਣ ਲਈ ਇਕ ਸਲਾਹ ਜਾਰੀ ਕੀਤੀ ਸੀ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ ਕਿ ਕੈਨੇਡਾ ‘ਚ ਭਾਰਤੀ ਮਿਸ਼ਨਾਂ ਨੇ ਇਨ੍ਹਾਂ ਘਟਨਾਵਾਂ ਨੂੰ ਕੈਨੇਡੀਅਨ ਅਧਿਕਾਰੀਆਂ ਕੋਲ ਉਠਾਇਆ ਹੈ ਅਤੇ ਉਨ੍ਹਾਂ ਨੂੰ ਇਨ੍ਹਾਂ ਅਪਰਾਧਾਂ ਦੀ ਜਾਂਚ ਕਰਨ ਦੀ ਬੇਨਤੀ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ ਕਿ ਕੈਨੇਡਾ ‘ਚ ਨਫ਼ਰਤੀ ਅਪਰਾਧ, ਸੰਪਰਦਾਇਕ ਹਿੰਸਾ ਅਤੇ ਭਾਰਤ ਵਿਰੋਧੀ ਗਤੀਵਿਧੀਆਂ ਦੀਆਂ ਘਟਨਾਵਾਂ ‘ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਵਿਦੇਸ਼ ਮੰਤਰਾਲੇ ਅਤੇ ਕੈਨੇਡਾ ‘ਚ ਸਾਡੇ ਹਾਈ ਕਮਿਸ਼ਨ/ਕੌਂਸਲੇਟ ਨੇ ਇਨ੍ਹਾਂ ਘਟਨਾਵਾਂ ਨੂੰ ਕੈਨੇਡੀਅਨ ਅਧਿਕਾਰੀਆਂ ਕੋਲ ਉਠਾਇਆ ਅਤੇ ਉਨ੍ਹਾਂ ਨੂੰ ਉਪਰੋਕਤ ਅਪਰਾਧਾਂ ਦੀ ਜਾਂਚ ਕਰਨ ਅਤੇ ਉਚਿਤ ਕਾਰਵਾਈ ਕਰਨ ਦੀ ਬੇਨਤੀ ਕੀਤੀ ਜਿਸ ਤੋਂ ਬਾਅਦ ਹੁਣ ਕੈਨੇਡਾ ਨੇ ਵੀ ਅਜਿਹੀ ਇਕ ਸਲਾਹ ਜਾਰੀ ਕੀਤੀ ਹੈ।