ਕੈਨੇਡਾ ਸਰਕਾਰ ਨੇ ਇਕ 25 ਨਾਂਵਾਂ ਤੇ ਫੋਟੋਆਂ ਵਾਲੀ ਸੂਚੀ ਜਾਰੀ ਕੀਤੀ ਹੈ ਜਿਨ੍ਹਾਂ ਨੂੰ ਮੋਸਟ ਵਾਂਟੇਡ ਅਪਰਾਧੀ ਦੱਸਿਆ ਗਿਆ ਹੈ। ਇਸ ‘ਚ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜ਼ਿੰਮੇਵਾਰੀ ਲੈਣ ਵਾਲਾ ਅਤੇ ਇੰਡੀਆ ਸਰਕਾਰ ਨੂੰ ਪਹਿਲਾਂ ਹੀ ਲੋੜੀਂਦਾ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਵੀ ਸ਼ਾਮਲ ਹੈ। ਕੈਨੇਡਾ ਨੇ ਵੀ ਉਸ ਨੂੰ ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ ‘ਚ ਸ਼ਾਮਲ ਕੀਤਾ ਹੈ। ਕੈਨੇਡਾ ਦੇ ਬੋਲੋ ਪ੍ਰੋਗਰਾਮ ਤਹਿਤ 25 ਮੋਸਟ ਵਾਂਟੇਡ ਵਿਅਕਤੀਆਂ ਦੀ ਸੂਚੀ ‘ਚ ਸਤਿੰਦਰਜੀਤ ਸਿੰਘ ਬਰਾੜ ਉਰਫ਼ ਗੋਲਡੀ ਬਰਾੜ ਦਾ ਨਾਮ 15ਵੇਂ ਨੰਬਰ ‘ਤੇ ਹੈ। ਗੋਲਡੀ ਬਰਾੜ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਦਾ ਕਥਿਤ ਮਾਸਟਰਮਾਈਂਡ ਹੈ। ‘ਬੋਲੋ’ (ਬੀ ਆਨ ਦਾ ਲੁੱਕਆਊਟ) ਪ੍ਰੋਗਰਾਮ ਦੇ ਡਾਇਰੈਕਟਰ ਮੈਕਸ ਲੈਂਗਲੋਇਸ ਨੇ ਅੱਜ ਇਨ੍ਹਾਂ 25 ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕਰ ਜਾਣਕਾਰੀ ਦਿੱਤੀ ਕਿ ਇਨ੍ਹਾਂ ਦੀ ਗ੍ਰਿਫ਼ਤਾਰੀ ‘ਚ ਸਹਾਇਤਾ ਕਰਨ ਵਾਲਿਆਂ ਨੂੰ $50,000 ਤੋਂ $250,000 ਦਾ ਇਨਾਮ ਦਿੱਤਾ ਜਾਵੇਗਾ। ਲੈਂਗਲੋਇਸ ਨੇ ਕਿਹਾ ਕਿ ‘ਬੋਲੋ’ ਪ੍ਰੋਗਰਾਮ ਤਿੰਨ ਬਹੁਤ ਮਹੱਤਵਪੂਰਨ ਚੀਜ਼ਾਂ ਕਰਦਾ ਹੈ। ਇਹ ਬਿਨਾਂ ਸ਼ੱਕ ਸਾਡੇ ਭਾਈਚਾਰਿਆਂ ਨੂੰ ਸੁਰੱਖਿਅਤ ਬਣਾਉਂਦਾ ਹੈ। ਇਹ ਪੀੜਤਾਂ ਅਤੇ ਬਚੇ ਲੋਕਾਂ ਨੂੰ ਉਨ੍ਹਾਂ ਦੀਆਂ ਸਭ ਤੋਂ ਮੰਦਭਾਗੀ ਯਾਤਰਾਵਾਂ ‘ਚ ਅਗਲਾ ਕਦਮ ਚੁੱਕਣ ਦੀ ਆਗਿਆ ਦੇਣ ‘ਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਅਤੇ ਅੰਤ ‘ਚ ਇਹ ਸਾਨੂੰ ਸਾਰਿਆਂ ਨੂੰ ਉਨ੍ਹਾਂ ਲੋਕਾਂ ਦੇ ਵਿਰੁੱਧ ਖੜ੍ਹੇ ਹੋਣ ਦੀ ਇਜਾਜ਼ਤ ਦਿੰਦਾ ਹੈ ਜਿਨ੍ਹਾਂ ‘ਤੇ ਹਿੰਸਾ ਦੇ ਦੋਸ਼ ਹਨ ਅਤੇ ਗ੍ਰਿਫ਼ਤਾਰੀ ਤੋਂ ਬਚ ਕੇ ਸਾਡੇ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ। ਪਹਿਲੀ ‘ਬੋਲੋ’ ਪ੍ਰੋਗਰਾਮ ਮੁਹਿੰਮ 1 ਮਈ, 2018 ਨੂੰ ਟੋਰਾਂਟੋ ‘ਚ ਸ਼ੁਰੂ ਕੀਤੀ ਗਈ ਸੀ। ਇਸ ਸੂਚੀ ‘ਚ ਗੋਲਡੀ ਬਰਾੜ ਦੀ ਨਵੀਂ ਦਿੱਖ ਵਾਲੀ ਤਸਵੀਰ ਵੀ ਸਾਹਮਣੇ ਆਈ ਹੈ। ਪਹਿਲਾਂ ਗੋਲਡੀ ਬਰਾੜ ਦੇ ਕੈਨੇਡਾ ‘ਚ ਲੁਕੇ ਹੋਣ ਦੇ ਕਿਆਸੇ ਲਾ ਜਾ ਰਹੇ ਸਨ ਪਰ ਬਾਅਦ ‘ਚ ਉਸ ਦੀ ਮੌਜੂਦਗੀ ‘ਚ ਅਮਰੀਕਾ ‘ਚ ਹੋਣ ਦੀਆਂ ਕੁਝ ਰਿਪੋਰਟਾਂ ਸਾਹਮਣੇ ਆਈਆਂ ਸਨ।