ਕਾਨਪੁਰ ’ਚ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਥਿਤ ਤੌਰ ’ਤੇ ਹਿੰਸਾ ਦੌਰਾਨ ਇਕ ਘਰ ਨੂੰ ਅੱਗ ਲਾਉਣ ਵਾਲੀ ਭੀਡ਼ ਦਾ ਹਿੱਸਾ ਸਨ। ਕਾਨਪੁਰ ’ਚ ਹਿੰਸਾ ਦੌਰਾਨ 127 ਵਿਅਕਤੀਆਂ ਦੀ ਮੌਤ ਹੋ ਗਈ ਸੀ। ਯੂ.ਪੀ. ਸਰਕਾਰ ਵੱਲੋਂ ਕਾਇਮ ਕੀਤੀ ਐੱਸ.ਆਇ.ਟੀ. ਨੇ ਹੁਣ ਤੱਕ 13 ਮੁਲਜ਼ਮਾਂ ਗ੍ਰਿਫ਼ਤਾਰ ਕੀਤਾ ਹੈ। ਨੌਬਸਤਾ ਪੁਲੀਸ ਕੋਲ ਦਰਜ ਮਾਮਲੇ ’ਚ ਤਾਜ਼ਾ ਗ੍ਰਿਫਤਾਰੀਆਂ ਕੀਤੀਆਂ ਗਈਆਂ। ਗ੍ਰਿਫ਼ਤਾਰ ਕੀਤੇ ਮੁਲਜ਼ਮ ਸਿੱਧ ਗੋਪਾਲ ਗੁਪਤਾ ਉਰਫ਼ ਬੱਬੂ (66) ਅਤੇ ਜਤਿੰਦਰ ਕੁਮਾਰ ਤਿਵਾਡ਼ੀ ਉਰਫ਼ ਰਾਜਾ ਬਾਬੂ (58) ਕਿਦਵਈ ਨਗਰ ਦੇ ਰਹਿਣ ਵਾਲੇ ਹਨ। ਐੱਸ.ਆਈ.ਟੀ. ਦੀ ਅਗਵਾਈ ਕਰ ਰਹੇ ਡੀ.ਆਈ.ਜੀ. ਬਲੇਂਦੂ ਭੂਸ਼ਣ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੇ ਉਨ੍ਹਾਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ। ਪਿਛਲੇ ਦਿਨੀਂ ਵੀ ਇਨ੍ਹਾਂ ਦੰਗਿਆਂ ਸਬੰਧੀ ਐੱਸ.ਆਈ.ਟੀ. ਨੇ ਕਾਨਪੁਰ ’ਚ ਕੁਝ ਗ੍ਰਿਫ਼ਤਾਰੀਆਂ ਕੀਤੀਆਂ ਸਨ।