ਡੇਵਿਨ ਕਾਨਵੇ ਦੇ ਅਜੇਤੂ ਅਰਧ ਸੈਂਕੜੇ ਅਤੇ ਗੇਂਦਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਸਦਕਾ ਚੇਨਈ ਸੁਪਰ ਕਿੰਗਜ਼ ਨੇ ਆਈ.ਪੀ.ਐੱਲ. ਦੇ ਇਕ ਮੈਚ ‘ਚ ਸਨਰਾਈਜ਼ਰਸ ਹੈਦਰਾਬਾਦ ‘ਤੇ 7 ਵਿਕਟਾਂ ਦੀ ਸ਼ਾਨਦਾਰ ਜਿੱਤ ਦਰਜ ਕੀਤੀ। ਹੈਦਰਾਬਾਦ ਨੇ ਚੇਨਈ ਨੂੰ 135 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਨੂੰ ਚੇਨਈ ਨੇ 8 ਗੇਂਦਾਂ ਪਹਿਲਾਂ ਹੀ ਸਰ ਕਰ ਲਿਆ। ਚੇਨਈ ਸੁਪਰ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਵੱਲੋਂ ਅਭਿਸ਼ੇਕ ਸ਼ਰਮਾ ਨੇ 34 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਕੋਈ ਖ਼ਾਸ ਪਾਰੀ ਨਹੀਂ ਖੇਡ ਸਕਿਆ ਤੇ ਟੀਮ ਨਿਰਧਾਰਤ 20 ਓਵਰਾਂ ‘ਚ 7 ਵਿਕਟਾਂ ਗੁਆ ਕੇ ਮਹਿਜ਼ 134 ਦੌੜਾਂ ਹੀ ਬਣਾ ਸਕੀ। ਚੇਨਈ ਵੱਲੋਂ ਰਵਿੰਦਰ ਜਡੇਜਾ ਨੇ 3 ਵਿਕਟਾਂ ਆਪਣੇ ਨਾਂ ਕੀਤੀਆਂ। ਇਸ ਤਰ੍ਹਾਂ ਹੈਦਰਾਬਾਦ ਨੇ ਚੇਨਈ ਨੂੰ 135 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਉੱਤਰੀ ਚੇਨਈ ਨੂੰ ਸਲਾਮੀ ਬੱਲੇਬਾਜ਼ਾਂ ਰੁਤੂਰਾਜ ਗਾਇਕਵਾੜ ਤੇ ਡੇਵਨ ਕਾਨਵੇ ਨੇ ਜ਼ਬਰਦਸਤ ਸ਼ੁਰੂਆਤ ਦੁਆਈ। ਗਾਇਕਵੜਾ ਨੇ 30 ਗੇਂਦਾਂ ‘ਚ 35 ਤੇ ਕਾਨਵੇ ਨੇ 57 ਗੇਂਦਾਂ ‘ਚ ਅਜੇਤੂ 77 ਦੌੜਾਂ ਦੀ ਪਾਰੀ ਖੇਡੀ। ਦੋਹਾਂ ਨੇ ਪਹਿਲੀ ਵਿਕਟ ਲਈ 87 ਦੌੜਾਂ ਜੋੜੀਆਂ ਤੇ ਟੀਮ ਨੂੰ ਜਿੱਤ ਦੀ ਦਹਿਲੀਜ਼ ‘ਤੇ ਪਹੁੰਚਾ ਦਿੱਤਾ। ਟੀਮ ਨੇ ਪਹਿਲੇ 11 ਓਵਰਾਂ ‘ਚ ਹੀ 100 ਤੋਂ ਵੱਧ ਦੌੜਾਂ ਬਣਾ ਲਈਆਂ ਸਨ। ਹਾਲਾਂਕਿ ਇਸ ਤੋਂ ਬਾਅਦ ਸਨਰਾਈਜ਼ਰਸ ਹੈਦਰਾਬਾਦ ਦੇ ਗੇਂਦਬਾਜ਼ਾਂ ਨੇ ਵੀ ਚੰਗੀ ਗੇਂਦਬਾਜ਼ੀ ਕਰਦਿਆਂ ਮੁਕਾਬਲੇ ‘ਚ ਜਾਨ ਫੂਕੀ। ਮੈਚ ਅਖ਼ੀਰਲੇ ਓਵਰਾਂ ਤਕ ਗਿਆ ਪਰ ਆਖ਼ਰ ਜਿੱਤ ਚੇਨਈ ਦੇ ਹੀ ਹਿੱਸੇ ਆਈ। ਚੇਨਈ ਨੇ 18.4 ਓਵਰਾਂ ‘ਚ 3 ਵਿਕਟਾਂ ਗੁਆ ਕੇ 138 ਦੌੜਾਂ ਬਣਾ ਲਈਆਂ ਤੇ 7 ਵਿਕਟਾਂ ਨਾਲ ਮੁਕਾਬਲਾ ਆਪਣੇ ਨਾਂ ਕੀਤਾ। ਕਾਨਵੇ ਨੇ 57 ਗੇਂਦਾਂ ‘ਚ 1 ਛਿੱਕੇ ਤੇ 12 ਚੌਕਿਆਂ ਸਦਕਾ 77 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਟੀਮ ਨੂੰ ਜਿੱਤ ਦੁਆਈ।