ਇੰਡੀਆ ਦੀ ਵਰਲਡ ਕੱਪ ਜੇਤੂ ਟੀਮ ਦੇ ਕਪਤਾਨ ਰਹੇ ਕਪਿਲ ਦੇਵ ਤੋਂ ਬਾਅਦ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਅੰਤਰਰਾਸ਼ਟਰੀ ਕ੍ਰਿਕਟ ‘ਚ 500 ਵਿਕਟਾਂ ਅਤੇ 5000 ਦੌੜਾਂ ਬਣਾਉਣ ਵਾਲਾ ਦੂਜਾ ਭਾਰਤੀ ਕ੍ਰਿਕਟਰ ਬਣਨ ਦਾ ਮਾਣ ਹਾਸਲ ਹੋਇਆ ਹੈ। 34 ਸਾਲਾ ਇਸ ਆਲਰਾਊਂਡਰ ਨੇ ਇੰਡੀਆ ਅਤੇ ਆਸਟਰੇਲੀਆ ਵਿਚਾਲੇ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਦੌਰਾਨ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਨੂੰ ਆਊਟ ਕਰਕੇ ਇਹ ਉਪਲਬਧੀ ਹਾਸਲ ਕੀਤੀ। ਇਹ ਟੈਸਟ ਕ੍ਰਿਕਟ ‘ਚ ਉਨ੍ਹਾਂ ਦੀ 260ਵੀਂ ਵਿਕਟ ਸੀ ਜਿਸ ਨਾਲ ਅੰਤਰਰਾਸ਼ਟਰੀ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ‘ਚ ਉਸ ਦੀਆਂ ਵਿਕਟਾਂ ਦੀ ਗਿਣਤੀ 500 ਹੋ ਗਈ ਹੈ। ਖੱਬੇ ਹੱਥ ਦੇ ਸਪਿਨਰ ਜਡੇਜਾ ਨੇ 171 ਇਕ ਰੋਜ਼ਾ ਮੈਚਾਂ ‘ਚ 189 ਵਿਕਟਾਂ ਅਤੇ 64 ਟੀ-20 ਅੰਤਰਰਾਸ਼ਟਰੀ ਮੈਚਾਂ ‘ਚ 51 ਵਿਕਟਾਂ ਲਈਆਂ ਹਨ। ਜਡੇਜਾ ਮਹੱਤਵਪੂਰਨ ਬੱਲੇਬਾਜ਼ ਵੀ ਹਨ। ਉਨ੍ਹਾਂ ਨੇ ਟੈਸਟ ਮੈਚਾਂ ‘ਚ 36.88 ਦੀ ਔਸਤ ਨਾਲ 2619 ਦੌੜਾਂ ਬਣਾਈਆਂ ਹਨ ਜਿਸ ‘ਚ ਤਿੰਨ ਸੈਂਕੜੇ ਸ਼ਾਮਲ ਹਨ। ਜਡੇਜਾ ਨੇ ਵਨਡੇ ‘ਚ 2447 ਅਤੇ ਟੀ-20 ਅੰਤਰਰਾਸ਼ਟਰੀ ‘ਚ 457 ਦੌੜਾਂ ਬਣਾਈਆਂ ਹਨ। ਇੰਡੀਆ ਦੇ 1983 ਵਰਲਡ ਕੱਪ ਜੇਤੂ ਕਪਤਾਨ ਕਪਿਲ ਦੇਵ ਇਹ ਉਪਲਬਧੀ ਹਾਸਲ ਕਰਨ ਵਾਲੇ ਦੇਸ਼ ਦੇ ਪਹਿਲੇ ਖਿਡਾਰੀ ਸਨ। ਉਨ੍ਹਾਂ ਨੇ 131 ਟੈਸਟਾਂ ‘ਚ 434 ਵਿਕਟਾਂ ਅਤੇ 225 ਇਕ ਰੋਜ਼ਾ ਮੈਚਾਂ ‘ਚ 253 ਵਿਕਟਾਂ ਲਈਆਂ, ਜਿਸ ਨਾਲ ਅੰਤਰਰਾਸ਼ਟਰੀ ਕ੍ਰਿਕਟ ‘ਚ ਉਨ੍ਹਾਂ ਨੇ ਕੁੱਲ 687 ਵਿਕਟਾਂ ਲਈਆਂ। ਇਸ ਤੋਂ ਇਲਾਵਾ ਕਪਿਲ ਨੇ ਟੈਸਟ ਮੈਚਾਂ ‘ਚ 5248 ਦੌੜਾਂ ਅਤੇ ਵਨਡੇ ‘ਚ 3783 ਦੌੜਾਂ ਬਣਾਈਆਂ ਹਨ। ਕਪਿਲ ਅਤੇ ਜਡੇਜਾ ਤੋਂ ਇਲਾਵਾ ਵਿਸ਼ਵ ਕ੍ਰਿਕਟ ਦੇ ਜਿਨ੍ਹਾਂ ਹੋਰ ਖਿਡਾਰੀਆਂ ਨੇ ਇਹ ਮੁਕਾਮ ਹਾਸਲ ਕੀਤਾ ਹੈ ਉਨ੍ਹਾਂ ਵਿੱਚ ਸਾਊਥ ਅਫਰੀਕਾ ਦੇ ਜੈਕ ਕੈਲਿਸ (25,534 ਦੌੜਾਂ ਅਤੇ 577 ਵਿਕਟਾਂ) ਅਤੇ ਸ਼ਾਨ ਪੋਲਕ (7,386 ਦੌੜਾਂ ਅਤੇ 829 ਵਿਕਟਾਂ), ਪਾਕਿਸਤਾਨ ਦੇ ਇਮਰਾਨ ਖਾਨ (7,516 ਦੌੜਾਂ ਅਤੇ 544 ਵਿਕਟਾਂ), ਵਸੀਮ ਅਕਰਮ (6,615 ਦੌੜਾਂ ਅਤੇ 916 ਵਿਕਟਾਂ) ਅਤੇ ਸ਼ਾਹਿਦ ਅਫਰੀਦੀ (11,196 ਦੌੜਾਂ ਅਤੇ 541 ਵਿਕਟਾਂ), ਇੰਗਲੈਂਡ ਦੇ ਸਰ ਇਆਨ ਬੋਥਮ (7,313 ਦੌੜਾਂ ਅਤੇ 528 ਵਿਕਟਾਂ), ਸ਼੍ਰੀਲੰਕਾ ਦੇ ਚਮਿੰਡਾ ਵਾਸ (5,114 ਦੌੜਾਂ ਅਤੇ 755 ਵਿਕਟਾਂ), ਨਿਊਜ਼ੀਲੈਂਡ ਦੇ ਡੇਨੀਅਲ ਵਿਟੋਰੀ (6,989 ਦੌੜਾਂ ਅਤੇ 667 ਵਿਕਟਾਂ) ਅਤੇ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ (13,445 ਦੌੜਾਂ ਅਤੇ 653 ਵਿਕਟਾਂ) ਸ਼ਾਮਲ ਹਨ।