ਸੇਂਟ ਪੀਟਰਸਬਰਗ (ਰੂਸ) ‘ਚ ਐਤਵਾਰ ਨੂੰ ਇਕ ਕੈਫੇ ‘ਚ ਹੋਏ ਧਮਾਕੇ ‘ਚ ਇਕ ਪ੍ਰਸਿੱਧ ਫੌਜੀ ਬਲਾਗਰ ਦੀ ਮੌਤ ਹੋ ਗਈ ਅਤੇ 15 ਲੋਕ ਜ਼ਖ਼ਮੀ ਹੋ ਗਏ। ਰੂਸੀ ਮੀਡੀਆ ਖ਼ਬਰਾਂ ‘ਚ ਕਿਹਾ ਗਿਆ ਹੈ ਕਿ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਸੇਂਟ ਪੀਟਰਸਬਰਗ ‘ਚ ਇਕ ‘ਸਟ੍ਰੀਟ ਬਾਰ’ ਕੈਫੇ ‘ਚ ਹੋਏ ਧਮਾਕੇ ‘ਚ ਬਲਾਗਰ ਵਲਾਦਲੇਨ ਤਾਤਾਰਸਕੀ ਦੀ ਮੌਤ ਹੋ ਗਈ ਅਤੇ 15 ਲੋਕ ਜ਼ਖ਼ਮੀ ਹੋ ਗਏ। ਖ਼ਬਰਾਂ ਦੇ ਅਨੁਸਾਰ ਕੈਫੇ ‘ਚ ਵਿਜ਼ਟਰ ਵੱਲੋਂ ਲਿਜਾਏ ਗਏ ‘ਵਿਸਫੋਟਕ ਯੰਤਰ’ ਨਾਲ ਧਮਾਕੇ ਦਾ ਦਾਅਵਾ ਕੀਤਾ ਗਿਆ ਹੈ। ਹਾਲਾਂਕਿ ਇਸ ਸਬੰਧ ‘ਚ ਜ਼ਿਆਦਾ ਵੇਰਵਾ ਸਾਹਮਣੇ ਨਹੀਂ ਆਇਆ ਹੈ। ਰੂਸ ਦੇ ਮੀਡੀਆ ਅਤੇ ਫੌਜੀ ਬਲਾਗਰਾਂ ਨੇ ਕਿਹਾ ਹੈ ਕਿ ਤਾਤਾਰਸਕੀ ਲੋਕਾਂ ਨੂੰ ਮਿਲ ਰਹੇ ਸਨ ਅਤੇ ਇਕ ਔਰਤ ਨੇ ਉਸ ਨੂੰ ਇਕ ਬੁੱਤ ਭੇਟ ਕੀਤਾ, ਜਿਸ ‘ਚ ਧਮਾਕਾ ਹੋ ਗਿਆ। ਧਮਾਕੇ ‘ਚ ਇਮਾਰਤ ਦਾ ਇਕ ਹਿੱਸਾ ਨੁਕਸਾਨਿਆ ਗਿਆ। ਯੂਕਰੇਨ ‘ਤੇ ਹਮਲੇ ਤੋਂ ਬਾਅਦ ਰੂਸ ‘ਚ ਗੋਲੀਬਾਰੀ ਅਤੇ ਧਮਾਕਿਆਂ ਦੀਆਂ ਕਈ ਘਟਨਾਵਾਂ ਹੋਈਆਂ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਨ੍ਹਾਂ ਘਟਨਾਵਾਂ ‘ਚ ਕਿਸ ਦੀ ਸ਼ਮੂਲੀਅਤ ਸੀ।