ਉੱਘੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਕਤਲ ਕੇਸ ‘ਚ ਸੁਰਜਨ ਚੱਠਾ ਦੀ ਗ੍ਰਿਫ਼ਤਾਰੀ ਤੋਂ ਇਕ ਦਿਨ ਬਾਅਦ ਕਬੱਡੀ ਪ੍ਰਮੋਟਰ ਨਾਲ ਜੁੜੀ ਇਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ। ਕਬੱਡੀ ਪ੍ਰਮੋਟਰ ਅਤੇ ਦੋ ਦਹਾਕੇ ਤੋਂ ਸਰੀ ‘ਚ ਰਹਿੰਦੇ ਕਮਲਜੀਤ ਸਿੰਘ ਨੀਟੂ ਕੰਗ ਨੂੰ ਅਣਪਛਾਤਿਆਂ ਨੇ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਹੀ ਗੋਲੀਆਂ ਮਾਰ ਦਿੱਤੀਆਂ। ਗੋਲੀਆਂ ਲੱਗਣ ਤੋਂ ਬਾਅਦ ਨੀਟੂ ਕੰਗ ਹਸਪਤਾਲ ‘ਚ ਜ਼ੇਰੇ ਇਲਾਜ ਹੈ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਵੇਰਵਿਆਂ ਮੁਤਾਬਕ ਹਮਲਾਵਰ ਉਸ ਦੀ ਬੀਅਰ ਕਰੀਕ ਸਥਿਤ ਰਿਹਾਇਸ਼ ਦੇ ਬਾਹਰ ਪਹਿਲਾਂ ਹੀ ਇੰਤਜ਼ਾਰ ਕਰ ਰਹੇ ਸਨ ਅਤੇ ਜਿਵੇਂ ਹੀ ਉਹ ਆਪਣੇ ਘਰ ਤੋਂ ਬਾਹਰ ਨਿਕਲਿਆ ਤਾਂ ਉਸ ‘ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਸੂਤਰਾਂ ਨੇ ਦੱਸਿਆ ਕਿ ਨੀਟੂ ਕੰਗ ਦੇ ਘੱਟੋ-ਘੱਟ ਦੋ ਗੋਲੀਆਂ ਲੱਗੀਆਂ ਹਨ। ਇਕ ਉਸਦੇ ਪੇਟ ‘ਚ ਅਤੇ ਦੂਜੀ ਲੱਤ ‘ਚ। ਨੀਟੂ ਕੰਗ ਨੂੰ ਫੌਰੀ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ। ਨੀਟੂ ਕੰਗ ਉੱਤਰੀ ਭਾਰਤ ਸਰਕਲ ਸਟਾਈਲ ਕਬੱਡੀ ਫੈਡਰੇਸ਼ਨ ਦਾ ਵੱਡਾ ਆਗੂ ਹੈ ਅਤੇ ਵਿਸ਼ਵ ਦੇ ਸਭ ਤੋਂ ਮਸ਼ਹੂਰ ਕਬੱਡੀ ਪ੍ਰਮੋਟਰਾਂ ‘ਚੋਂ ਇਕ ਹੈ। ਉਹ ਜਲੰਧਰ ਦੇ ਉੱਗੀ ਪਿੰਡ ਦਾ ਰਹਿਣ ਵਾਲਾ ਹੈ ਅਤੇ ਸੰਦੀਪ ਨੰਗਲ ਅੰਬੀਆਂ ਤੇ ਕਤਲ ਤੋਂ ਲੈ ਕੇ ਸੁਰਜਨ ਚੱਠਾ ਦੀ ਗ੍ਰਿਫ਼ਤਾਰੀ ਤੱਕ ਕਈ ਕੁਝ ਜਲੰਧਰ ਜ਼ਿਲ੍ਹੇ ਨਾਲ ਹੀ ਜੁੜਿਆ ਹੋਇਆ ਹੈ। ਇਸ ਫਾਇਰਿੰਗ ਦੀ ਇਕ ਵਾਇਰਲ ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਗੋਲੀਬਾਰੀ ਕਰਨ ਵਾਲੇ ਉਸ ਦੇ ਘਰ ਦੇ ਡਰਾਈਵਵੇਅ ‘ਤੇ ਇੰਤਜ਼ਾਰ ਕਰ ਰਹੇ ਹਨ ਅਤੇ ਜਿਵੇਂ ਹੀ ਉਹ ਬਾਹਰ ਆਇਆ ਤਾਂ ਉਸ ‘ਤੇ ਗੋਲੀਆਂ ਚਲਾ ਦਿੱਤੀਆਂ।