ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਹਮਲਾਵਰਾਂ ਨੇ ਇਕ ਹੋਟਲ, ਜੋ ਚੀਨੀ ਲੋਕਾਂ ‘ਚ ਕਾਫ਼ੀ ਹਰਮਨਪਿਆਰਾ ਸੀ ‘ਤੇ ਹਮਲਾ ਕਰ ਦਿੱਤਾ। ਤਾਲਿਬਾਨ ਸਰਕਾਰ ਦੇ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਨੇ ਕਿਹਾ ਕਿ ਜਵਾਬੀ ਕਾਰਵਾਈ ‘ਚ ਤਿੰਨ ਹਮਲਾਵਰ ਮਾਰੇ ਗਏ ਹਨ ਤੇ ਦੋ ਵਿਦੇਸ਼ੀ ਨਾਗਰਿਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੇ ਜਾਨ ਬਚਾਉਣ ਲਈ ਖਿੜਕੀਆਂ ਵਿੱਚੋਂ ਛਾਲ ਮਾਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਸਥਾਨਕ ਨਿਵਾਸੀਆਂ ਨੇ ਧਮਾਕਿਆਂ ਅਤੇ ਗੋਲੀਬਾਰੀ ਦੀ ਸੂਚਨਾ ਦਿੱਤੀ ਸੀ ਅਤੇ ਸੋਸ਼ਲ ਮੀਡੀਆ ‘ਤੇ ਫੋਟੋਆਂ ਅਤੇ ਵੀਡੀਓਜ਼ ਪੋਸਟ ਕੀਤੀਆਂ ਸਨ ਜਿਨ੍ਹਾਂ ‘ਚ ਇਮਾਰਤ ਤੋਂ ਧੂੰਆਂ ਨਿਕਲਦਾ ਦਿਖਾਈ ਦੇ ਰਿਹਾ ਸੀ। ਉਧਰ, ਕਾਬੁਲ ਦੇ ਐਮਰਜੈਂਸੀ ਹਸਪਤਾਲ ਨੇ ਟਵੀਟ ਕੀਤਾ ਹੈ ਕਿ ਲਗਪਗ ਇਕ ਕਿਲੋਮੀਟਰ ਦੂਰ ਸਥਿਤ ਹੋਟਲ ‘ਚ ਧਮਾਕਾ ਅਤੇ ਗੋਲੀਬਾਰੀ ਹੋਈ ਹੈ। ਹੁਣ ਤੱਕ 21 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਤਿੰਨ ਵਿਅਕਤੀਆਂ ਦੀਆਂ ਲਾਸ਼ਾਂ ਇਥੇ ਪੁੱਜੀਆਂ ਸਨ। ਕਾਬੁਲ ਪੁਲੀਸ ਮੁਖੀ ਦੇ ਬੁਲਾਰੇ ਖਾਲਿਦ ਜ਼ਦਰਾਨ ਨੇ ਕਿਹਾ ਕਿ ਹਮਲਾ ਕਈ ਘੰਟੇ ਚੱਲਿਆ ਤੇ ਹਮਲਾਵਰਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ ਹੈ। ਕਿਸੇ ਨੇ ਤੁਰੰਤ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਇਸਲਾਮਿਕ ਸਟੇਟ ਸਮੂਹ ਜੋ ਇਸਲਾਮਿਕ ਸਟੇਟ ਖੁਰਾਸਾਨ ਵਜੋਂ ਜਾਣਿਆਂ ਜਾਂਦਾ ਹੈ ਤੇ ਸੱਤਾਧਾਰੀ ਤਾਲਿਬਾਨ ਦਾ ਵਿਰੋਧੀ ਹੈ, ਨੇ ਬੀਤੇ ਵਰ੍ਹੇ ਆਪਣੇ ਹਮਲੇ ਵਧਾ ਦਿੱਤੇ ਹਨ।