ਭਾਰਤੀ ਮਹਿਲਾ ਹਾਕੀ ਟੀਮ ਨੇ ਕਾਮਨਵੈਲਥ ਗੇਮਜ਼ ’ਚ ਘਾਨਾ ਨੂੰ ਹਰਾ ਕੇ ਜਿੱਤ ਨਾਲ ਸ਼ੁਰੂਆਤ ਕੀਤੀ। ਬਰਮਿੰਘਮ ’ਚ ਖੇਡੇ ਗਏ ਗਰੁੱਪ-ਏ ਦੇ ਪਹਿਲੇ ਮੈਚ ’ਚ ਇੰਡੀਆ ਨੇ ਘਾਨਾ ਨੂੰ 5-0 ਨਾਲ ਹਰਾਇਆ। ਇੰਡੀਆ ਲਈ ਗੁਰਜੀਤ ਕੌਰ ਨੇ ਦੋ, ਜਦਕਿ ਨੇਹਾ, ਸੰਗੀਤਾ ਕੁਮਾਰੀ ਅਤੇ ਸਲੀਮਾ ਟੇਟੇ ਨੇ ਇਕ-ਇਕ ਗੋਲ ਕੀਤਾ। ਗੁਰਜੀਤ ਕੌਰ ਨੇ ਪਹਿਲੇ ਕੁਆਰਟਰ ’ਚ ਇੰਡੀਆ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ ਅਤੇ ਤੀਜੇ ਮਿੰਟ ’ਚ ਹੀ ਪਹਿਲਾ ਗੋਲ ਕਰ ਦਿੱਤਾ। ਉਨ੍ਹਾਂ ਨੇ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲਣ ਲਈ ਗੇਂਦ ਨੂੰ ਨੈੱਟ ਦੇ ਉਪਰਲੇ ਕੋਨੇ ’ਚ ਪਹੁੰਚਾ ਦਿੱਤਾ। ਦੂਜੇ ਕੁਆਰਟਰ ’ਚ ਘਾਨਾ ਨੇ ਲੈਅ ਹਾਸਲ ਕਰਨੀ ਸ਼ੁਰੂ ਕਰ ਦਿੱਤੀ। ਮੈਚ ਦੇ 27ਵੇਂ ਮਿੰਟ ‘ਚ ਘਾਨਾ ਨੇ ਇੰਡੀਆ ਦੇ ਗੋਲ ’ਤੇ ਨਿਸ਼ਾਨਾ ਵਿੰਨ੍ਹਿਆ ਪਰ ਕਪਤਾਨ ਅਤੇ ਗੋਲਪੀਕਰ ਸਵਿਤਾ ਪੂਨੀਆ ਨੇ ਸ਼ਾਨਦਾਰ ਬਚਾਅ ਨਾਲ ਇੰਡੀਆ ਦੀ ਬਡ਼੍ਹਤ ਨੂੰ ਬਰਕਰਾਰ ਰੱਖਿਆ। ਇਸ ਤੋਂ ਤੁਰੰਤ ਬਾਅਦ ਘਾਨਾ ਨੂੰ ਇਕ ਪੈਨਲਟੀ ਕਾਰਨਰ ਮਿਲਿਆ ਪਰ ਸਵਿਤਾ ਨੇ ਇਕ ਵਾਰ ਫਿਰ ਗੇਂਦ ਨੂੰ ਨੈੱਟ ਤੱਕ ਪਹੁੰਚਾ ਦਿੱਤਾ। ਘਾਨਾ ਦਾ ਇਕ ਹੋਰ ਪੈਨਲਟੀ ਕਾਰਨਰ ਖੁੰਝਣ ਤੋਂ ਬਾਅਦ ਇੰਡੀਆ ਹਮਲਾਵਰ ਹੋਇਆ। ਇੰਡੀਆ ਨੇ ਹਾਫ ਟਾਈਮ ਤੋਂ ਸਿਰਫ 3 ਮਿੰਟ ਪਹਿਲਾਂ ਇਕ ਹੋਰ ਗੋਲ ਕੀਤਾ। ਨੇਹਾ ਨੇ ਘਾਨਾ ਦੇ ਨੈੱਟ ਸਰਕਲ ’ਚ ਪਹੁੰਚ ਕੇ ਸ਼ਾਟ ਮਾਰਿਆ ਜੋ ਘਾਨਾ ਦੀ ਡਿਫੈਂਡਰ ਦੀ ਸਟਿੱਕ ਦੁਆਰਾ ਨੈੱਟ ਤੱਕ ਪਹੁੰਚ ਗਿਆ ਅਤੇ ਇੰਡੀਆ ਦੀ ਬਡ਼੍ਹਤ 2-0 ਹੋ ਗਈ। ਅਖੀਰ ਇੰਡੀਆ ਦੀ ਟੀਮ 5-0 ਨਾਲ ਜੇਤੂ ਰਹੀ।