ਕਾਮਨਵੈਲਥ ਗੇਮਜ਼ ’ਚ ਇੰਡੀਆ ਨੇ ਵੱਖ-ਵੱਖ ਖੇਡਾਂ ’ਚ ਕਈ ਹੋਰ ਤਗ਼ਮੇ ਜਿੱਤੇ ਹਨ। ਵੇਟਲਿਫਟਰ ਨੇ ਇਨ੍ਹਾਂ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਹੁਣ ਇੰਡੀਆ ਲਈ ਗੁਰਦੀਪ ਸਿੰਘ ਨੇ ਕਾਂਸੀ ਦਾ ਤਗ਼ਮਾ ਜਿੱਤਿਆ, ਜੋ ਇਸ ਈਵੈਂਟ ’ਚ ਕੁੱਲ 10ਵਾਂ ਤਗ਼ਮਾ ਹੈ। 109 ਕਿਲੋਗ੍ਰਾਮ ਭਾਰ ਵਰਗ ’ਚ ਪ੍ਰਵੇਸ਼ ਕਰਨ ਵਾਲੇ ਭਾਰਤੀ ਵੇਟਲਿਫਟਰ ਨੇ ਸਨੈਚ ਅਤੇ ਕਲੀਨ ਐਂਡ ਜਰਕ ’ਚ ਕੁੱਲ 390 ਕਿਲੋਗ੍ਰਾਮ ਭਾਰ ਚੁੱਕ ਕੇ ਦੇਸ਼ ਲਈ ਤਗ਼ਮਾ ਪੱਕਾ ਕੀਤਾ। 2018 ’ਚ ਇੰਡੀਆ ਨੇ ਇਸ ਖੇਡ ’ਚ 9 ਤਗ਼ਮੇ ਜਿੱਤੇ ਸਨ ਤੇ ਇਕ ਰਿਕਾਰਡ ਬਣਾਇਆ ਸੀ, ਜੋ 10ਵੇਂ ਤਗ਼ਮੇ ਨਾਲ ਟੁੱਟ ਗਿਆ ਹੈ।
ਪੁਰਸ਼ਾਂ ਦੇ 109 ਕਿਲੋਗ੍ਰਾਮ ਵੇਟਲਿਫਟਿੰਗ ’ਚ ਇੰਡੀਆ ਦੇ ਗੁਰਦੀਪ ਸਿੰਘ ਸਨੈਚ ਦੀ ਆਪਣੀ ਪਹਿਲੀ ਕੋਸ਼ਿਸ਼ ’ਚ 167 ਕਿਲੋਗ੍ਰਾਮ ਭਾਰ ਚੁੱਕਣ ’ਚ ਅਸਫਲ ਰਹੇ। ਇਸ ਤੋਂ ਬਾਅਦ ਦੂਜੀ ਕੋਸ਼ਿਸ਼ ’ਚ ਉਨ੍ਹਾਂ ਨੇ ਸਫਲਤਾਪੂਰਵਕ 167 ਦਾ ਭਾਰ ਚੁੱਕਿਆ। ਹਾਲਾਂਕਿ ਤੀਜੀ ਕੋਸ਼ਿਸ਼ ’ਚ 173 ਕਿਲੋ ਭਾਰ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਪਰ ਗੁਰਦੀਪ ਸਫਲ ਨਹੀਂ ਹੋਇਆ। ਮਹੱਤਵਪੂਰਨ ਗੱਲ ਇਹ ਹੈ ਕਿ ਕਲੀਨ ਐਂਡ ਜਰਕ ਦੀ ਪਹਿਲੀ ਕੋਸ਼ਿਸ਼ ’ਚ ਗੁਰਦੀਪ 207 ਕਿਲੋਗ੍ਰਾਮ ਭਾਰ ਚੁੱਕਣ ’ਚ ਸਫਲ ਰਿਹਾ। 215 ਕਿਲੋਗ੍ਰਾਮ ਦੀ ਆਪਣੀ ਦੂਜੀ ਕੋਸ਼ਿਸ਼ ’ਚ ਸਫਲ ਨਹੀਂ ਹੋ ਸਕਿਆ। ਤੀਜੀ ਕੋਸ਼ਿਸ਼ ’ਚ ਉਹ 223 ਕਿਲੋਗ੍ਰਾਮ ਭਾਰ ਚੁੱਕਣ ’ਚ ਸਫਲ ਰਿਹਾ ਅਤੇ ਤੀਜੀ ਕੋਸ਼ਿਸ਼ ’ਚ ਕੁੱਲ 390 ਕਿਲੋ ਭਾਰ ਚੁੱਕਿਆ।
ਇੰਡੀਆ ਦੇ ਸੌਰਭ ਘੋਸ਼ਾਲ ਨੇ ਪੁਰਸ਼ ਸਿੰਗਲਜ਼ ਸਕੁਐਸ਼ ਦੇ ਕਾਂਸੀ ਤਗ਼ਮਾ ਦੇ ਇਕਪਾਸਡ਼ ਮੁਕਾਬਲੇ ’ਚ ਇੰਗਲੈਂਡ ਦੇ ਜੇਮਸ ਵਿਲਸਟ੍ਰਾਪ ਨੂੰ ਸਿੱਧੇ ਸੈੱਟਾਂ ’ਚ 3-0 ਨਾਲ ਹਰਾ ਕੇ ਕਾਂਸੀ ਤਗ਼ਮਾ ਜਿੱਤਿਆ। ਦੁਨੀਆ ਦੇ 15ਵੇਂ ਨੰਬਰ ਦੇ ਖਿਡਾਰੀ ਘੋਸ਼ਾਲ ਨੇ ਮੇਜ਼ਬਾਨ ਦੇਸ਼ ਦੇ ਦੁਨੀਆ ਦੇ 24ਵੇਂ ਨੰਬਰ ਦੇ ਖਿਡਾਰੀ ਵਿਰੁੱਧ 11-6, 11-1, 11-4 ਨਾਲ ਆਸਾਨ ਜਿੱਤ ਦਰਜ ਕੀਤੀ। ਕਾਮਨਵੈਲਥ ਗੇਮਜ਼ ਦੇ ਸਕੁਐਸ਼ ਸਿੰਗਲਜ਼ ਪ੍ਰਤੀਯੋਗਿਤਾ ’ਚ ਇੰਡੀਆ ਦਾ ਇਹ ਪਹਿਲਾ ਤਗ਼ਮਾ ਹੈ। ਘੋਸ਼ਾਲ ਦਾ ਰਾਸ਼ਟਰਮੰਡਲ ਖੇਡਾਂ ’ਚ ਇਹ ਦੂਜਾ ਤਗ਼ਮਾ ਹੈ। ਉਸ ਨੇ 2018 ’ਚ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ’ਚ ਦੀਪਿਕਾ ਪੱਲੀਕਲ ਦੇ ਨਾਲ ਮਿਕਸਡ ਡਬਲਜ਼ ਦਾ ਚਾਂਦੀ ਤਗ਼ਮਾ ਜਿੱਤਿਆ ਸੀ।
ਤੇਜਸਵਿਨ ਸ਼ੰਕਰ ਨੇ ਅਥਲੈਟਿਕਸ ਇਵੈਂਟ ’ਚ ਇੰਡੀਆ ਦਾ ਖਾਤਾ ਖੋਲਦੇ ਹੋਏ ਪੁਰਸ਼ਾਂ ਦੇ ਉੱਚੀ ਛਾਲ ਮੁਕਾਬਲੇ ’ਚ ਕਾਂਸੀ ਦਾ ਤਗ਼ਮਾ ਜਿੱਤਿਆ। ਰਾਸ਼ਟਰੀ ਰਿਕਾਰਡਧਾਰੀ ਸ਼ੰਕਰ ਨੇ 2.22 ਮੀਟਰ ਦੀ ਛਾਲ ਮਾਰੀ। ਦਿੱਲੀ ਹਾਈ ਕੋਰਟ ਦੇ ਨਿਰਦੇਸ਼ ’ਤੇ ਟੀਮ ’ਚ ਸ਼ਾਮਲ ਕੀਤੇ ਗਏ 23 ਸਾਲਾ ਸ਼ੰਕਰ ਦਾ ਸੈਸ਼ਨ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ 2.27 ਅਤੇ ਸਰਵਸ੍ਰੇਸ਼ਠ ਨਿੱਜੀ ਪ੍ਰਦਰਸ਼ਨ 2.29 ਮੀਟਰ ਹੈ। ਨਿਊਜ਼ੀਲੈਂਡ ਦੇ ਹਾਮਿਸ਼ ਕੇਰ ਨੂੰ ਸੋਨ ਅਤੇ ਆਸਟਰੇਲੀਆ ਦੇ ਬ੍ਰੇਂਡਨ ਸਟਾਰਕ ਨੂੰ ਚਾਂਦੀ ਦਾ ਤਗ਼ਮਾ ਮਿਲਿਆ। ਦੋਵਾਂ ਨੇ 2.25 ਮੀਟਰ ਦੀ ਛਾਲ ਮਾਰੀ ਸੀ। ਭਾਰਤੀ ਜੂਡੋ ਖਿਡਾਰਨ ਤੁਲਿਕਾ ਮਾਨ ਨੂੰ ਮਹਿਲਾਵਾਂ ਦੇ 78 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ’ਚ ਸਕਾਟਲੈਂਡ ਦੀ ਸਾਰਾ ਐਡਲਿੰਗਟਨ ਵਿਰੁੱਧ ਹਾਰ ਦੇ ਨਾਲ ਚਾਂਦੀ ਤਗ਼ਮੇ ਨਾਲ ਸਬਰ ਕਰਨਾ ਪਿਆ। ਦੋ ਮੁਕਾਬਲੇ ਜਿੱਤ ਕੇ ਫਾਈਨਲ ’ਚ ਜਗ੍ਹਾ ਬਣਾਉਣ ਵਾਲੀ ਤੁਲਿਕਾ ਫਾਈਨਲ ’ਚ ਜ਼ਿਆਦਾਤਰ ਸਮੇਂ ਅੱਗੇ ਚੱਲ ਰਹੀ ਸੀ ਪਰ ਐਡਲਿੰਗਟਨ ਨੇ ਇਸ ਤੋਂ ਬਾਅਦ ‘ਇਪੋਨ’ ਦੀ ਬਦੌਲਤ ਸੋਨ ਤਗ਼ਮਾ ਜਿੱਤ ਲਿਆ। ਐਡਲਿੰਗਟਨ ਨੇ ਤੁਲਿਕਾ ਨੂੰ ਕਾਫੀ ਤਾਕਤ ਦੇ ਨਾਲ ਸੁੱਟਿਆ ਜਿਸ ਨਾਲ ਭਾਰਤੀ ਖਿਡਾਰਨ ਪਿੱਠ ਦੇ ਭਾਰ ਡਿੱਗ ਗਈ ਤੇ ਮੁਕਾਬਲਾ ਨਿਰਧਾਰਿਤ ਸਮੇਂ ਤੋਂ 30 ਸੈਕੰਡ ਪਹਿਲਾਂ ਹੀ ਖਤਮ ਹੋ ਗਿਆ। ਦਿੱਲੀ ਦੀ 23 ਸਾਲਾ ਤੁਲਿਕਾ ਨੇ ਚਾਂਦੀ ਤਗ਼ਮਾ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਇੰਡੀਆ ਨੂੰ ਜੂਡੋ ਦਾ ਬਰਮਿੰਘਮ ਖੇਡਾਂ ’ਚ ਤੀਜਾ ਤਗ਼ਮਾ ਦਿਵਾਇਆ।
ਕਾਮਨਵੈਲਥ ਗੇਮਜ਼: ਵੇਟਲਿਫਟਿੰਗ, ਜੂਡੇ, ਉੱਚੀ ਛਾਲ ਤੇ ਸਕੂਐਸ਼ ’ਚ ਇੰਡੀਆ ਨੇ ਜਿੱਤੇ ਤਗ਼ਮੇ
Related Posts
Add A Comment