ਜੰਮੂ-ਕਸ਼ਮੀਰ ਦੇ ਪੁਣਛ ‘ਚ ਅੱਤਵਾਦੀ ਹਮਲੇ ‘ਚ ਦੇਸ਼ ਦੇ 5 ਜਵਾਨ ਸ਼ਹੀਦ ਹੋ ਗਏ ਹਨ ਅਤੇ ਇਨ੍ਹਾਂ ‘ਚੋਂ ਚਾਰ ਪੰਜਾਬ ਨਾਲ ਸਬੰਧਤ ਹਨ। ਰਾਸ਼ਟਰੀ ਰਾਈਫਲਜ਼ ਯੂਨਿਟ ਦੇ ਇਨ੍ਹਾਂ ਚਾਰਾਂ ਨੌਜਵਾਨਾਂ ਦੇ ਪੰਜਾਬ ਵਿਚਲੇ ਪਿੰਡਾਂ ‘ਚ ਸੋਗ ਦੀ ਲਹਿਰ ਦੌੜ ਗਈ ਅਤੇ ਸ਼ਹੀਦ ਜਵਾਨਾਂ ਦੇ ਪਰਿਵਾਰ ਸਦਮੇ ਹਨ। ਜ਼ਿਲ੍ਹਾ ਮੋਗਾ ਦੇ ਪਿੰਡ ਚੜਿੱਕ ਦੀ ਪੱਤੀ ਜੰਗੀਰ ਦਾ ਫੌਜੀ ਕੁਲਵੰਤ ਸਿੰਘ ਵੀ ਸ਼ਹੀਦ ਹੋਣ ਵਾਲਿਆਂ ‘ਚ ਸ਼ਾਮਲ ਹੈ। ਪੂਰੇ ਪਿੰਡ ‘ਚ ਮਾਤਮ ਛਾ ਗਿਆ ਹੈ। ਸ਼ਹੀਦ ਦੀ ਦੇਹ ਸ਼ਾਮ ਤੱਕ ਪੁੱਜਣ ਦੀ ਸੰਭਾਵਨਾ ਹੈ। ਉਹ ਕਰੀਬ 13 ਸਾਲ ਪਹਿਲਾਂ ਫੌਜ ‘ਚ ਭਰਤੀ ਹੋਇਆ ਸੀ। ਉਸ ਦਾ ਕੁਝ ਸਾਲ ਪਹਿਲਾਂ ਵਿਆਹ ਹੋਇਆ ਅਤੇ ਦੋ ਬੱਚਿਆਂ ਦਾ ਬਾਪ ਹੈ। ਉਸ ਦੀ ਧੀ ਦੀ ਉਮਰ ਕਰੀਬ ਡੇਢ ਸਾਲ ਜਦਕਿ ਪੁੱਤ ਫਤਿਹਵੀਰ ਸਿੰਘ ਸਿਰਫ ਤਿੰਨ ਮਹੀਨੇ ਦਾ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਤਕਰੀਬਨ 3 ਮਹੀਨੇ ਪਹਿਲਾਂ ਹੀ ਛੁੱਟੀ ਕੱਟ ਕੇ ਗਿਆ ਸੀ। ਸ਼ਹੀਦ ਜਵਾਨ ਕੁਲਵੰਤ ਸਿੰਘ ਦਾ ਪਿਤਾ ਬਲਦੇਵ ਸਿੰਘ ਵੀ ਕਾਰਗਿਲ ਜੰਗ ‘ਚ ਸ਼ਹੀਦ ਹੋ ਗਿਆ ਸੀ। ਹਮਲੇ ‘ਚ ਬਟਾਲਾ ਨੇੜਲੇ ਪਿੰਡ ਤਲਵੰਡੀ ਭਾਰਥਵਾਲ ਦਾ ਜਵਾਨ ਵੀ ਸ਼ਹੀਦ ਹੋਇਆ ਹੈ। ਸ਼ਹੀਦ ਹਰਕ੍ਰਿਸ਼ਨ ਸਿੰਘ (27) ਪੁੱਤਰ ਮੰਗਲ ਸਿੰਘ ਵਾਸੀ ਪਿੰਡ ਤਲਵੰਡੀ ਭਰਥਵਾਲਦੀ ਸ਼ਹੀਦੀ ਖ਼ਬਰ ਪਿੰਡ ਪਹੁੰਚਦਿਆਂ ਹੀ ਪਿੰਡ ਤੇ ਇਲਾਕੇ ‘ਚ ਸੋਗ ਦੀ ਲਹਿਰ ਫੈਲ ਗਈ। ਸ਼ਹੀਦ ਜਵਾਨ 49 ਰਾਸ਼ਟਰੀ ਰਾਇਫਲਜ਼ ‘ਚ ਸੇਵਾ ਨਿਭਾਅ ਰਿਹਾ ਸੀ। ਪਿੰਡ ਵਾਸੀਆਂ ਅਨੁਸਾਰ ਸ਼ਹੀਦ ਹਰਕ੍ਰਿਸ਼ਨ ਸਿੰਘ 2017 ‘ਚ ਫੌਜ ‘ਚ ਭਰਤੀ ਹੋਇਆ ਸੀ ਅਤੇ ਉਹ ਆਪਣੇ ਪਿੱਛੇ ਪਤਨੀ ਤੇ 3 ਸਾਲ ਦੀ ਬੇਟੀ ਛੱਡ ਗਿਆ ਹੈ। ਸ਼ਹੀਦ ਹਰਕ੍ਰਿਸ਼ਨ ਸਿੰਘ ਦੀ ਪਤਨੀ ਦਲਜੀਤ ਕੌਰ ਨੇ ਦੱਸਿਆ ਕਿ ਵੀਰਵਾਰ ਨੂੰ ਉਨ੍ਹਾਂ ਦੀ ਵੀਡੀਓ ਕਾਲ ਰਾਹੀਂ ਗੱਲਬਾਤ ਹੋਈ ਸੀ ਅਤੇ ਉਸ ਦੇ ਪਤੀ ਨੇ ਆਪਣੀ ਬੇਟੀ ਖੁਸ਼ਪ੍ਰੀਤ ਕੌਰ ਨਾਲ ਵੀ ਗੱਲ ਕੀਤੀ ਸੀ। ਇਸ ਹਮਲੇ ‘ਚ ਰਾਮਾਂ ਮੰਡੀ ਨੇੜਲੇ ਪਿੰਡ ਬਾਘਾ ਦਾ ਜਵਾਨ ਗੁਰਸੇਵਕ ਸਿੰਘ (23) ਪੁੱਤਰ ਗੁਰਚਰਨ ਸਿੰਘ ਸ਼ਹੀਦ ਹੋ ਗਿਆ ਹੈ। ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਸਾਲ 2018 ‘ਚ ਫੌਜ ‘ਚ ਭਰਤੀ ਹੋਇਆ ਸੀ। ਜਵਾਨ ਦੇ ਸ਼ਹੀਦ ਹੋਣ ਬਾਰੇ ਪਤਾ ਲੱਗਦੇ ਹੀ ਪਿੰਡ ਦੇ ਵੱਡੀ ਗਿਣਤੀ ਲੋਕ ਜਵਾਨ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਸ ਦੇ ਘਰ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਅੱਤਵਾਦੀ ਹਮਲੇ ‘ਚ ਸ਼ਹੀਦ ਹੋਇਆ ਚੌਥਾ ਜਵਾਨ ਰਾਸ਼ਟਰੀ ਰਾਈਫਲਜ਼ ਦਾ ਹੌਲਦਾਰ ਮਨਦੀਪ ਸਿੰਘ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚਣਕੋਈਆਂ ਨਾਲ ਸਬੰਧਤ ਸੀ। ਸਬ ਡਵੀਜਨ ਪਾਇਲ ਦੇ ਪਿੰਡ ਚਣਕੋਈਆਂ ਕਲਾਂ ਦਾ ਜਵਾਨ 39 ਸਾਲਾ ਹੌਲਦਾਰ ਮਨਦੀਪ ਸਿੰਘ ਸਾਬਕਾ ਸਰਪੰਚ ਰੂਪ ਸਿੰਘ ਦਾ ਸਪੁੱਤਰ ਸੀ। ਜਿਉਂ ਹੀ ਫੌਜ ਵੱਲੋਂ ਮਨਦੀਪ ਸਿੰਘ ਦੇ ਘਰ ਮੋਬਾਈਲ ਫੋਨ ‘ਤੇ ਸੂਚਨਾ ਦਿੱਤੀ ਗਈ ਤਾਂ ਪਿੰਡ ‘ਚ ਸੰਨਾਟਾ ਛਾ ਗਿਆ। ਪਿੰਡ ‘ਚ ਖਬਰ ਮਿਲਣ ‘ਤੇ ਸਕੇ ਸਬੰਧੀ ਸ਼ਹੀਦ ਮਨਦੀਪ ਸਿੰਘ ਘਰ ਪੁੱਜਣੇ ਸ਼ੁਰੂ ਹੋ ਗਏ। ਸ਼ਹੀਦ ਮਨਦੀਪ ਸਿੰਘ ਮਾਰਚ ਮਹੀਨੇ ਹੀ ਇਕ ਮਹੀਨੇ ਦੀ ਛੁੱਟੀ ਕੱਟ ਕੇ ਗਿਆ ਸੀ। ਉਹ ਤਿੰਨ ਭਰਾਵਾਂ ‘ਚੋਂ ਸਭ ਤੋ ਵੱਡਾ ਸੀ ਜੋ ਇਕੋ ਘਰ ‘ਚ ਹੀ ਰਹਿੰਦੇ ਸਨ। ਉਹ ਆਪਣੇ ਪਿੱਛੇ ਭਰਾਵਾਂ ਤੋਂ ਇਲਾਵਾ ਆਪਣੀ ਮਾਂ, ਪਤਨੀ, ਬੇਟੀ 11 ਸਾਲ ਅਤੇ ਬੇਟਾ 8 ਸਾਲ ਸਮੇਤ ਹੱਸਦੇ ਵੱਸਦੇ ਪਰਿਵਾਰ ਨੂੰ ਅਲਵਿਦਾ ਆਖ ਗਿਆ ਹੈ।