ਦੇਸ਼ ਵੰਡ ਦੌਰਾਨ ਆਪਣੇ ਪਰਿਵਾਰ ਨਾਲੋਂ ਵਿਛੜੇ 92 ਸਾਲ ਦੇ ਬਜ਼ੁਰਗ ਸਰਵਣ ਸਿੰਘ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਆਪਣੇ 75 ਸਾਲ ਦੇ ਭਤੀਜੇ ਨੂੰ ਮਿਲਣ ਦਾ ਮੌਕਾ ਮਿਲਿਆ ਜੋ ਕਿ 1947 ‘ਚ ਵੰਡ ਦੌਰਾਨ ਹੋਏ ਦੰਗਿਆਂ ‘ਚ ਪਾਕਿਸਤਾਨ ਇਕੱਲਾ ਰਹਿ ਗਿਆ ਸੀ। 92 ਸਾਲ ਦੇ ਬਜ਼ੁਰਗ ਸਰਵਣ ਸਿੰਘ ਜਲੰਧਰ ਤੋਂ ਆਪਣੀ ਧੀ ਰਸ਼ਪਾਲ ਕੌਰ ਦੇ ਨਾਲ ਕਰਤਾਰਪੁਰ ਲਾਂਘੇ ਜ਼ਰੀਏ ਪਾਕਿਸਤਾਨ ਕਰਤਾਰਪੁਰ ਸਾਹਿਬ ਗਏ ਸਨ। ਕਰਤਾਰਪੁਰ ਸਾਹਿਬ ਤੋਂ ਵਾਪਸ ਪਰਤਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਵਣ ਸਿੰਘ ਨੇ ਦੱਸਿਆ ਕਿ ਅੱਜ ਉਹ ਆਪਣੇ ਭਤੀਜੇ ਮੋਹਨ ਨੂੰ 75 ਸਾਲ ਬਾਅਦ ਮਿਲਿਆ ਹੈ ਜਿਸ ਕਰਕੇ ਖੁਸ਼ ਹੋਣ ਦੇ ਨਾਲ ਬੇਹੱਦ ਭਾਵੁਕ ਹੈ। ਉਨ੍ਹਾਂ ਦੱਸਿਆ ਹੈ ਕਿ ਮੋਹਨ ਸਿੰਘ ਨੇ 6 ਸਾਲ ਦੀ ਉਮਰ ‘ਚ ਹੀ ਆਪਣੇ ਪਰਿਵਾਰ ਦੇ 22 ਮੈਂਬਰਾਂ ਨੂੰ ਗੁਆ ਦਿੱਤਾ ਸੀ। ਦੰਗਿਆਂ ਦੌਰਾਨ ਮੋਹਨ ਦੰਗਾਕਾਰੀਆਂ ਦੇ ਚੁੰਗਲ ‘ਚੋਂ ਭੱਜਣ ‘ਚ ਸਫਲ ਹੋ ਗਿਆ ਸੀ ਜਿਸ ਤੋਂ ਬਾਅਦ ਪਾਕਿਸਤਾਨ ‘ਚ ਉਸਦਾ ਪਾਲਣ ਪੋਸ਼ਣ ਇਕ ਮੁਸਲਿਮ ਪਰਿਵਾਰ ਨੇ ਕੀਤਾ। ਉਨ੍ਹਾਂ ਦੱਸਿਆ ਕਿ ਸਾਡੇ ਮੋਹਨੇ ਦਾ ਪਾਕਿਸਤਾਨ ‘ਚ ਨਾਂਅ ਅਬਦੁਲ ਖ਼ਾਲਿਕ ਹੈ। ਉਨ੍ਹਾਂ ਦੱਸਿਆ ਕਿ ਏਨੇ ਸਾਲ ਬਾਅਦ ਉਨ੍ਹਾਂ ਨੂੰ ਵੇਖ ਕੇ ਮੋਹਨ ਵੀ ਭਾਵੁਕ ਹੋਇਆ ਪਰ ਕਾਫੀ ਖੁਸ਼ ਵੀ ਸੀ। ਸਰਵਣ ਸਿੰਘ ਮੁਤਾਬਿਕ ਮੋਹਨ ਉਰਫ ਅਬਦੁਲ ਖ਼ਾਲਿਕ ਦਾ ਪਾਕਿਸਤਾਨ ‘ਚ ਇਸ ਵੇਲੇ ਕਾਫੀ ਵੱਡਾ ਪਰਿਵਾਰ ਹੈ ਅਤੇ ਸਭ ਉਸਨੂੰ ਮਿਲਣ ਲਈ ਆਏ ਹੋਏ ਸਨ। ਉਨ੍ਹਾਂ ਦੱਸਿਆ ਕਿ ਏਨੇ ਸਾਲਾਂ ਬਾਅਦ ਉਨ੍ਹਾਂ ਨੂੰ ਆਪਣੇ ਭਤੀਜੇ ਦਾ ਪਤਾ ਇਕ ਵੀਡੀਓ ਰਾਹੀਂ ਲੱਗਾ ਸੀ। ਸਰਵਣ ਸਿੰਘ ਨੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਅਤੇ ਮੀਡੀਆ ਦਾ ਵੀ ਧੰਨਵਾਦ ਕੀਤਾ। ਇਸ ਦੌਰਾਨ ਕਰਤਾਰਪੁਰ ਲਾਂਘੇ ਬਜ਼ੁਰਗ ਸਰਵਨ ਸਿੰਘ ਦੀ ਧੀ ਰਸ਼ਪਾਲ ਕੌਰ ਨੇ ਦੱਸਿਆ ਕਿ ਉਹ ਬੇਹੱਦ ਖੁਸ਼ ਹਨ ਕਿ ਉਹ ਆਪਣੇ ਤਾਇਆ ਜੀ ਦੇ ਪੁੱਤਰ ਨੂੰ ਮਿਲ ਕੇ ਆਏ ਹਨ। ਉਨ੍ਹਾਂ ਦੱਸਿਆ ਕਿ ਮੋਹਨ ਉਰਫ ਅਬਦੁਲ ਖ਼ਾਲਿਕ ਦੀ ਸਕੀ ਭੈਣ ਕੈਨੇਡਾ ਰਹਿੰਦੀ ਹੈ ਅਤੇ ਜਲਦ ਹੀ ਉਹ ਉਸਨੂੰ ਪਾਕਿਸਤਾਨ ਮਿਲਣ ਜਾਵੇਗੀ।