ਕਰੋਨਾ ਸਬੰਧੀ ਲਾਈਆਂ ਗਈਆਂ ਪਾਬੰਦੀਆਂ ਖ਼ਿਲਾਫ਼ ਚੀਨ ਦੇ ਵੱਖ-ਵੱਖ ਸ਼ਹਿਰਾਂ ‘ਚ ਪ੍ਰਦਰਸ਼ਨ ਹੋ ਰਹੇ ਹਨ ਅਤੇ ਪ੍ਰਦਰਸ਼ਨਕਾਰੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ। ਪੇਈਚਿੰਗ ਅਤੇ ਹੋਰ ਵੱਡੇ ਸ਼ਹਿਰਾਂ ‘ਚ ਪੁਲੀਸ ਦੀ ਭਾਰੀ ਤਾਇਨਾਤੀ ਕਾਰਨ ਅੱਜ ਪ੍ਰਦਰਸ਼ਨਕਾਰੀ ਸ਼ਾਂਤ ਰਹੇ। ਸਰਕਾਰ ਨੇ ਕੁਝ ਸ਼ਹਿਰਾਂ ‘ਚ ਕਰੋਨਾ ਸਬੰਧੀ ਲਾਈਆਂ ਗਈਆਂ ਪਾਬੰਦੀਆਂ ‘ਚ ਥੋੜ੍ਹੀ ਢਿੱਲ ਦਿੱਤੀ ਪਰ ਇਸ ਦਾ ਮਕਸਦ ਲੋਕਾਂ ਦੇ ਗੁੱਸੇ ਨੂੰ ਠੰਢਾ ਕਰਨਾ ਸੀ, ਉਂਜ ਸੱਤਾਧਾਰੀ ਕਮਿਊਨਿਸਟ ਪਾਰਟੀ ਆਪਣੀ ਫ਼ੈਸਲੇ ‘ਤੇ ਅੜੀ ਹੋਈ ਹੈ। ਹਾਂਗਕਾਂਗ ‘ਚ ਸੋਮਵਾਰ ਨੂੰ 50 ਦੇ ਕਰੀਬ ਵਿਦਿਆਰਥੀਆਂ ਨੇ ਚੀਨ ਦੀ ਯੂਨੀਵਰਸਿਟੀ ‘ਚ ਨਾਅਰੇਬਾਜ਼ੀ ਕੀਤੀ ਅਤੇ ਸ਼ਹਿਰਾਂ ‘ਚ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਹੱਕ ‘ਚ ਮੋਮਬੱਤੀ ਮਾਰਚ ਕੀਤਾ। ਉਨ੍ਹਾਂ ਨੇ ਆਪਣੀ ਪਛਾਣ ਲੁਕਾਉਣ ਲਈ ਮੂੰਹ ਢਕੇ ਹੋਏ ਸਨ। ਇਸ ਦੌਰਾਨ ਉਨ੍ਹਾਂ, ‘ਪੀਸੀਆਰ ਟੈਸਟ ਨਹੀਂ, ਆਜ਼ਾਦੀ’ ਅਤੇ ‘ਤਾਨਾਸ਼ਾਹੀ ਦਾ ਵਿਰੋਧ ਕਰੋ, ਗੁਲਾਮ ਨਾ ਬਣੋ’ ਦੇ ਨਾਅਰੇ ਲਗਾਏ। ਅਮਰੀਕਨ ਦੂਤਾਵਾਸ ਨੇ ਨਾਗਰਿਕਾਂ ਨੂੰ ਸਾਰੀਆਂ ਸਥਿਤੀਆਂ ਲਈ ਤਿਆਰ ਰਹਿਣ ਦੀ ਸਲਾਹ ਦਿੱਤੀ। ਵਾਸ਼ਿੰਗਟਨ ‘ਚ ਵ੍ਹਾਈਟ ਹਾਊਸ ਦੀ ਕੌਮੀ ਸੁਰੱਖਿਆ ਪਰਿਸ਼ਦ ਦੇ ਬੁਲਾਰੇ ਕਿਰਬੀ ਨੇ ਕਿਹਾ ਕਿ ਚੀਨ ‘ਚ ਕੁਝ ਅਜਿਹੇ ਲੋਕ ਹਨ ਜੋ ਲੌਕਡਾਊਨ ਤੋਂ ਚਿੰਤਤ ਹਨ। ਉਹ ਇਸ ਸਬੰਧੀ ਰੋਸ ਵੀ ਪ੍ਰਗਟਾ ਰਹੇ ਹਨ। ਕਿਰਬੀ ਨੇ ਉਨ੍ਹਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਦੀ ਸਲਾਹ ਦਿੱਤੀ ਹੈ। ਉਧਰ ਕਰੋਨਾ ਦੇ ਕੇਸਾਂ ‘ਚ ਥੋੜ੍ਹੀ ਕਮੀ ਨਜ਼ਰ ਆਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਜ 38,421 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ‘ਚੋਂ 34,860 ‘ਚ ਲਾਗ ਦੇ ਲੱਛਣ ਦਿਖਾਈ ਨਹੀਂ ਦਿੱਤੇ।