ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ‘ਚ ਆਪਣਾ ਡੈਬਿਊ ਮੈਚ ਜਿੱਤ ਕੇ ਕਾਰਲੋਸ ਅਲਕਰਾਜ਼ ਨੇ ਦੁਨੀਆ ਦਾ ਨੰਬਰ ਇਕ ਸਥਾਨ ਮੁੜ ਹਾਸਲ ਕਰ ਲਿਆ ਹੈ। ਅਲਕਰਾਜ਼ ਨੇ ਅਲਬਰਟ ਰਾਮੋਸ ਵਿਨੋਲਾਸ ਨੂੰ 6-4, 6-1 ਨਾਲ ਹਰਾ ਕੇ ਨੋਵਾਕ ਜੋਕੋਵਿਚ ਦੀ ਜਗ੍ਹਾ ਚੋਟੀ ਦਾ ਦਰਜਾ ਪ੍ਰਾਪਤ ਕੀਤਾ। ਇਸ ਨਾਲ ਇਹ ਵੀ ਯਕੀਨੀ ਹੋ ਗਿਆ ਕਿ ਉਹ 28 ਮਈ ਤੋਂ ਸ਼ੁਰੂ ਹੋ ਰਹੇ ਫਰੈਂਚ ਓਪਨ ‘ਚ ਪਹਿਲਾ ਦਰਜਾ ਪ੍ਰਾਪਤ ਕਰੇਗਾ। ਬਾਰਸੀਲੋਨਾ ਅਤੇ ਮੈਡ੍ਰਿਡ ‘ਚ ਖਿਤਾਬ ਜਿੱਤਣ ਤੋਂ ਬਾਅਦ ਰੋਮ (ਇਟਲੀ) ਪਹੁੰਚੇ ਅਲਕਰਾਜ਼ ਨੇ ਆਪਣੀ ਜਿੱਤ ਦੀ ਮੁਹਿੰਮ 12 ਤੱਕ ਲੈ ਲਈ ਹੈ। ਕਲੇਅ ਕੋਰਟਾਂ ‘ਤੇ ਉਸ ਦਾ ਇਸ ਸਾਲ ਰਿਕਾਰਡ 20-1 ਹੋ ਗਿਆ ਹੈ। ਅਲਕਰਾਜ਼ ਦਾ ਅਗਲਾ ਮੁਕਾਬਲਾ ਜਿਰੀ ਲੇਹੇਕਾ ਜਾਂ ਹੰਗਰੀ ਦੇ ਕੁਆਲੀਫਾਇਰ ਫੈਬੀਅਨ ਮਾਰੋਜ਼ਸਨ ਨਾਲ ਹੋਵੇਗਾ। ਪੁਰਸ਼ਾਂ ਦੇ ਦੂਜੇ ਦੌਰ ਦੇ ਹੋਰ ਮੈਚਾਂ ‘ਚ ਛੇਵਾਂ ਦਰਜਾ ਪ੍ਰਾਪਤ ਆਂਦਰੇ ਰੁਬਲੇਵ ਨੇ ਐਲੇਕਸ ਮੋਲਕੇਨ ਨੂੰ 6-3, 6-4 ਨਾਲ, ਲੋਰੇਂਜ਼ੋ ਸੋਨੇਗੋ ਨੇ ਯੋਸ਼ੀਹਿਤੋ ਨਿਸ਼ੀਓਕਾ ਨੂੰ 7-5, 6-3 ਨਾਲ, ਜੇਜੇ ਵੁਲਫ਼ ਨੇ 14ਵਾਂ ਦਰਜਾ ਪ੍ਰਾਪਤ ਹੁਬਰਟ ਹਰਕਾਜ਼ ਨੂੰ 6-3, 6-4 ਅਤੇ ਬੋਰਨਾ ਕੋਰਿਕ ਨੇ ਥਿਆਗੋ ਮੋਂਟੇਰੋ ਨੂੰ 4-6, 7-6 (8), 7-6 (5) ਨਾਲ ਹਰਾਇਆ। ਔਰਤਾਂ ਦੇ ਤੀਜੇ ਦੌਰ ਦੇ ਮੈਚਾਂ ‘ਚ ਕੋਲੰਬੀਆ ਦੀ ਕੁਆਲੀਫਾਇਰ ਕੈਮਿਲਾ ਓਸੋਰੀਓ ਨੇ ਪੰਜਵਾਂ ਦਰਜਾ ਪ੍ਰਾਪਤ ਕੈਰੋਲੀਨ ਗਾਰਸੀਆ ਨੂੰ 6-4, 6-4 ਨਾਲ, ਐਂਜੇਲੀਨਾ ਕਾਲਿਨੀਨਾ ਨੇ ਸੋਫੀਆ ਕੇਨਿਨ ਨੂੰ 6-4, 6-2 ਨਾਲ ਅਤੇ ਵਾਂਗ ਜ਼ੀਯੂ ਨੇ ਟੇਲਰ ਟਾਊਨਸੇਂਡ ਨੂੰ 6-2, 0-6, 7-5 ਨਾਲ ਹਰਾਇਆ।