ਆਈ.ਪੀ.ਐੱਲ. 2023 ਦੀ ਕੋਲਕਾਤਾ ਨਾਈਟ ਰਾਈਡਰਜ਼ ਟੀਮ ਨੇ ਸ਼ਾਕਿਬ ਅਲ ਹਸਨ ਦੀ ਥਾਂ ਇੰਗਲੈਂਡ ਦੇ ਬੱਲੇਬਾਜ਼ ਜੇਸਨ ਰਾਏ ਨੂੰ ਟੀਮ ‘ਚ ਸ਼ਾਮਲ ਕੀਤਾ ਹੈ। ਬੰਗਲਾਦੇਸ਼ ਦੇ ਆਲਰਾਊਂਡਰ ਸ਼ਾਕਿਬ ਅਲ ਹਸਨ ਨਿੱਜੀ ਕਾਰਨਾਂ ਕਰਕੇ ਆਈ.ਪੀ.ਐੱਲ. ਦੇ ਇਸ ਸੀਜ਼ਨ ਤੋਂ ਬਾਹਰ ਹੋ ਗਏ ਹਨ ਜਦਕਿ ਕੇ.ਕੇ.ਆਰ. ਕਪਤਾਨ ਸ਼੍ਰੇਅਸ ਅਈਅਰ ਵੀ ਪਿੱਠ ਦੀ ਸਰਜਰੀ ਕਰਾਉਣ ਲਈ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ। ਅਜਿਹੇ ‘ਚ ਟੀਮ ਨੇ ਰਾਏ ਨੂੰ 2.8 ਕਰੋੜ ਰੁਪਏ ‘ਚ ਸ਼ਾਮਲ ਕੀਤਾ ਹੈ, ਜਦਕਿ ਉਸ ਦੀ ਮੂਲ ਕੀਮਤ 1.5 ਕਰੋੜ ਰੁਪਏ ਸੀ। ਰਾਏ ਇਸ ਤੋਂ ਪਹਿਲਾਂ ਆਈ.ਪੀ.ਐੱਲ. ਦੇ 2017, 2018 ਅਤੇ 2021 ਸੀਜ਼ਨ ‘ਚ ਖੇਡ ਚੁੱਕੇ ਹਨ। ਉਸ ਨੂੰ ਆਖਰੀ ਵਾਰ 2021 ‘ਚ ਸਨਰਾਈਜ਼ਰਸ ਹੈਦਰਾਬਾਦ ਲਈ ਖੇਡਦੇ ਦੇਖਿਆ ਗਿਆ ਸੀ। ਉਸ ਨੇ ਉਸ ਸੀਜ਼ਨ ‘ਚ ਪੰਜ ਮੈਚ ਖੇਡੇ ਅਤੇ ਇਕ ਅਰਧ ਸੈਂਕੜੇ ਸਮੇਤ 150 ਦੌੜਾਂ ਬਣਾਈਆਂ। ਰਾਏ ਨੇ ਇੰਗਲੈਂਡ ਲਈ 64 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ ਜਿਸ ‘ਚ ਅੱਠ ਅਰਧ ਸੈਂਕੜੇ ਸਮੇਤ 137.61 ਦੀ ਸਟ੍ਰਾਈਕ ਰੇਟ ਨਾਲ 1522 ਦੌੜਾਂ ਬਣਾਈਆਂ ਹਨ।