ਕੈਲੀਫੋਰਨੀਆ ਦੇ ਅਸੈਂਬਲੀ ਹਲਕਾ ਡਿਸਟ੍ਰਿਕ-35 ਤੋਂ ਸਿੱਖ ਉਮੀਦਵਾਰ ਡਾ. ਜਸਮੀਤ ਕੌਰ ਬੈਂਸ ਨੇ ਚੋਣ ਜਿੱਤਣ ਤੋਂ ਬਾਅਦ ਕੈਲੀਫੋਰਨੀਆ ਸਟੇਟ ਅਸੈਂਬਲੀ ‘ਚ ਸਹੁੰ ਚੁੱਕ ਲਈ ਹੈ। ਇਸ ਦੌਰਾਨ ਕੈਲੀਫੋਰਨੀਆ ‘ਚ ਜਿੱਤੇ ਅਸੈਂਬਲੀ ਮੈਂਬਰਾਂ ਨੇ ਵੀ ਸਹੁੰ ਚੁੱਕੀ। ਜਸਮੀਤ ਕੌਰ ਬੈਂਸ ਦੇ ਸਹੁੰ ਚੁੱਕ ਸਮਾਗਮ ‘ਚ ਕੈਲੀਫੋਰਨੀਆ ਭਰ ਤੋਂ 300 ਦੇ ਕਰੀਬ ਸਿੱਖ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਅਮਰੀਕਾ ‘ਚ ਪਹਿਲੀ ਸਿੱਖ ਔਰਤ ਨੂੰ ਅਸੈਂਬਲੀ ਮੈਂਬਰ ਬਣਦਿਆਂ ਹੋਇਆਂ ਦੇਖਿਆ। ਸਹੁੰ ਚੁੱਕ ਸਮਾਗਮ ਦੌਰਾਨ ਜਸਮੀਤ ਕੌਰ ਬੈਂਸ ਦੇ ਪਿਤਾ ਦਵਿੰਦਰ ਸਿੰਘ ਬੈਂਸ ਤੋਂ ਇਲਾਵਾ ਉਨ੍ਹਾਂ ਦੀ ਮਾਤਾ ਅਤੇ ਭੈਣ-ਭਰਾ ਵੀ ਸ਼ਾਮਲ ਸਨ। ਜਸਮੀਤ ਕੌਰ ਬੈਂਸ ਨੂੰ ਅਧਿਕਾਰਤ ਤੌਰ ‘ਤੇ ਕੈਲੀਫੋਰਨੀਆ ਕੈਪੀਟਲ ‘ਚ ਆਪਣਾ ਦਫ਼ਤਰ ਅਤੇ ਸਟਾਫ਼ ਮਿਲ ਗਿਆ ਹੈ, ਜਿੱਥੋਂ ਹੁਣ ਜਸਮੀਤ ਕੌਰ ਬੈਂਸ ਬੈਠ ਕੇ ਅਸੈਂਬਲੀ ਦਾ ਕੋਈ ਵੀ ਕੰਮ ਕਰ ਸਕੇਗੀ। ਇਸ ਸਮਾਗਮ ਤੋਂ ਬਾਅਦ ਵੱਖਰੇ ਤੌਰ ‘ਤੇ ਸਿੱਖ ਭਾਈਚਾਰੇ ਲਈ ਇਕ ਹੋਰ ਸਮਾਗਮ ਰੱਖਿਆ ਗਿਆ ਜਿੱਥੇ ਵੱਖ-ਵੱਖ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਜਸਮੀਤ ਕੌਰ ਬੈਂਸ ਨੂੰ ਅਮਰੀਕਾ ‘ਚ ਪਹਿਲੀ ਸਿੱਖ ਅਸੈਂਬਲੀ ਮੈਂਬਰ ਬਣਨ ‘ਤੇ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ 8 ਨਵੰਬਰ ਨੂੰ ਹੋਈਆਂ ਅਸੈਂਬਲੀ ਚੋਣਾਂ ‘ਚ ਜਸਮੀਤ ਕੌਰ ਬੈਂਸ ਨੇ ਆਪਣੀ ਵਿਰੋਧੀ ਲਟੇਸੀਆ ਪਰੇਜ਼ ਨੂੰ ਭਾਰੀ ਬਹੁਮਤ ਨਾਲ ਹਰਾਇਆ ਸੀ। ਲਟੇਸੀਆ ਪਰੇਜ਼ ਪਿਛਲੇ ਲੰਬੇ ਸਮੇਂ ਤੋਂ ਅਮਰੀਕਨ ਰਾਜਨੀਤੀ ‘ਚ ਸਰਗਰਮ ਸੀ ਅਤੇ ਉਸ ਕੋਲੋਂ ਇਸ ਸੀਟ ‘ਤੇ ਜਿੱਤ ਹਾਸਲ ਕਰਨੀ ਬਹੁਤ ਮੁਸ਼ਕਲ ਸੀ। ਪਰ ਸਥਾਨਕ ਵੋਟਰਾਂ ਨੇ ਡਾ. ਜਸਮੀਤ ਕੌਰ ਬੈਂਸ ਦੀ ਯੋਗਤਾ ਅਤੇ ਕੰਮਾਂ ਨੂੰ ਦੇਖਦਿਆਂ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿਤਾਇਆ।