ਕਿਲ੍ਹਾ ਰਾਏਪੁਰ ਖੇਡਾਂ ਦੇ ਦੂਜੇ ਦਿਨ ਜਿੱਥੇ ਅਥਲੈਟਿਕ, ਹਾਕੀ ਅਤੇ ਘੋੜਾਸਵਾਰੀ ਸ਼ੋਅ, ਹਾਕੀ, ਰੱਸਾਕਸੀ ਦੇ ਮੁਕਾਬਲੇ ਕਰਵਾਏ ਗਏ ਉੱਥੇ ਦੋ ਕੁਇੰਟਲ ਭਾਰੀ ਬੋਰੀ ਚੁੱਕਣ, ਗਲ ਨਾਲ ਸਰੀਆਂ ਮੋੜਨ, ਸੈਂਕੜੇ ਪਤੰਗ ਹਵਾ ‘ਚ ਉਡਾਉਣ ਅਤੇ ਹੋਰ ਰੌਚਕ ਮੁਕਾਬਲੇ ਖਿੱਚ ਦਾ ਕੇਂਦਰ ਰਹੇ। ਦੂਜੇ ਦਿਨ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਿਲ੍ਹਾ ਰਾਏਪਬੁਰ ਸਪੋਰਟਸ ਸੁਸਾਇਟੀ ਦੇ ਪ੍ਰਧਾਨ ਕਰਨਲ ਸੁਰਿੰਦਰ ਸਿੰਘ ਗਰੇਵਾਲ ਅਤੇ ਹੋਰ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਨਿੱਘੀ ਜੀ ਆਇਆਂ ਆਖੀ। ਕੈਬਨਿਟ ਮੰਤਰੀ ਮਾਨ ਨੇ ਕਿਹਾ ਕਿ ਅਗਲੇ ਸਾਲ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਰਕਾਰ ਵੱਲੋਂ ਭਰਵਾਂ ਸਹਿਯੋਗ ਪਾਇਆ ਜਾਵੇਗਾ। ਉਨ੍ਹਾਂ ਨੇ ਪ੍ਰਬੰਧਕਾਂ ਵੱਲੋਂ ਐਸਟਰੋਟਰਫ ਲਗਾਉਣ, ਫਲੱਡ ਲਾਈਟਸ ਲਗਾਉਣ ਤੇ ਮਲਟੀਪਰਪਜ਼ ਜਿਮ ਸਥਾਪਨ ਕਰਨ ਦੀ ਮੰਗਾਂ ਨੂੰ ਜਲਦੀ ਪੂਰੀਆਂ ਕਰਨ ਦਾ ਭਰੋਸਾ ਦਿੱਤਾ। ਖੇਡਾਂ ਦੇ ਦੂਜੇ ਦਿਨ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੀਆਂ ਦੌੜਾਂ ਖਿੱਚ ਦਾ ਕੇਂਦਰ ਰਹੀਆਂ। 100 ਮੀਟਰ ਦੀ ਇਹ ਦੌੜ ਹੁਸ਼ਿਆਰਪੁਰ ਦੇ ਸੁਰਿੰਦਰਪਾਲ ਸ਼ਰਮਾ ਨੇ ਜਿੱਤੀ ਜਦਕਿ ਦੂਜਾ ਸਥਾਨ ਗੁਰਦਾਸਪੁਰ ਦੇ ਸਰਬਜੀਤ ਸਿੰਘ ਨੇ ਅਤੇ ਤੀਜਾ ਸਥਾਨ ਮੁਹਾਲੀ ਨੇ ਰਘੁਵੀਰ ਸਿੰਘ ਨੇ ਹਾਸਲ ਕੀਤਾ। ਲੜਕਿਆਂ ਦੇ ਸਾਈਕਲਿੰਗ ਵਿੱਚੋਂ ਲੁਧਿਆਣਾ ਦਾ ਸਾਹਿਲ ਪਹਿਲੇ, ਲੜਕੀਆਂ ਵਿੱਚੋਂ ਮੁਕਲ ਪਹਿਲੇ ਸਥਾਨ ‘ਤੇ ਰਹੇ। ਲੜਕੀਆਂ ਦੀ 100 ਮੀਟਰ ਦੌੜ ‘ਚ ਜੇਤੂ ਰਹੀਆਂ ਸੁਖਿੰਦਵਰ ਕੌਰ ਪਟਿਆਲਾ, ਲਵਪ੍ਰੀਤ ਕੌਰ ਅਤੇ ਸੁਨੇਹਾ ਨੂੰ ਕ੍ਰਮਵਾਰ ਪੰਜ ਹਜ਼ਾਰ, ਤਿੰਨ ਹਜ਼ਾਰ ਅਤੇ ਦੋ ਹਜ਼ਾਰ ਰੁਪਏ ਦੇ ਨਕਦ ਇਨਾਮ ਦਿੱਤੇ ਗਏ। ਲੜਕੀਆਂ ਦੇ ਹਾਕੀ ਮੁਕਾਬਲੇ ਵਿੱਚ ਸਵੈਚ ਅਕੈਡਮੀ ਸੋਨੀਪਤ ਨੇ ਰਾਮਪੁਰ ਛੰਨਾ ਨੂੰ 6-0 ਗੋਲਾਂ ਨਾਲ, ਪੀਆਈਐਸ ਮੁਹਾਲੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ 3-0 ਨਾਲ ਹਰਾਇਆ। ਲੜਕਿਆਂ ਦੇ ਵਰਗ ‘ਚ ਜੀਟੀਬੀ ਬਾਬਾ ਬਕਾਲਾ ਨੇ ਕਿਲ੍ਹਾ ਰਾਏਪੁਰ ਨੂੰ 2-0 ਗੋਲਾਂ ਦੇ ਫਰਕ ਨਾਲ ਸ਼ਿਕਸਤ ਦਿੱਤੀ।