ਵਿਰਾਟ ਕੋਹਲੀ ਦੇ ਜ਼ਬਰਦਸਤ ਸੈਂਕੜੇ ਸਦਕਾ ਬੈਂਗਲੁਰੂ ਨੇ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾਇਆ। ਇਸ ਦੇ ਨਾਲ ਹੀ ਆਰ.ਸੀ.ਬੀ. ਆਈ.ਪੀ.ਐੱਲ. 2023 ਦੇ ਪਲੇਆਫ਼ ਮੁਕਾਬਲਿਆਂ ਦੀ ਦਹਿਲੀਜ਼ ਤੇ ਪਹੁੰਚ ਗਈ ਹੈ। 13 ਮੈਚਾਂ ‘ਚ 14 ਅੰਕਾਂ ਨਾਲ ਪੁਆਇੰਟਸ ਟੇਬਲ ‘ਚ ਚੌਥੇ ਨੰਬਰ ‘ਤੇ ਪਹੁੰਚ ਗਈ ਹੈ। ਅਗਲਾ ਮੁਕਾਬਲਾ ਜਿੱਤਣ ‘ਤੇ ਬੈਂਗਲੁਰੂ ਦਾ ਪਲੇਆਫ ‘ਚ ਪਹੁੰਚਣਾ ਲਗਭਗ ਯਕੀਨੀ ਬਣ ਜਾਵੇਗਾ। ਹਾਲਾਂਕਿ ਜੇਕਰ ਉਹ ਅਗਲਾ ਮੁਕਾਬਲਾ ਹਾਰਦੀ ਹੈ ਤਾਂ ਇਹ ਸਮੀਕਰਨ ਵਿਗੜ ਜਾਣਗੇ ਤੇ ਉਸ ਨੂੰ ਬਾਕੀ ਟੀਮਾਂ ਦੇ ਮੁਕਾਬਲਿਆਂ ਦੇ ਨਤੀਜਿਆਂ ‘ਤੇ ਨਿਰਭਰ ਰਹਿਣਾ ਪਵੇਗਾ। ਦੂਜੇ ਪਾਸੇ ਹੈਦਰਾਬਾਦ ਦੀ ਟੀਮ ਪਹਿਲਾਂ ਹੀ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀ ਹੈ। ਇਸ ਮਹੱਤਵਪੂਰਨ ਮੁਕਾਬਲੇ ‘ਚ ਬੈਂਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਹੈਦਰਾਬਾਦ ਵੱਲੋਂ ਕਲਾਸੇਨ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ 51 ਗੇਂਦਾਂ ‘ਚ ਸੈਂਕੜਾ ਜੜਿਆ। ਉਸ ਨੇ 6 ਛਿੱਕਿਆਂ ਤੇ 8 ਚੌਕਿਆਂ ਸਦਕਾ 104 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਤੋਂ ਇਲਾਵਾ ਬਾਕੀ ਬੱਲੇਬਾਜ਼ਾਂ ਨੂੰ ਵੀ ਚੰਗੀ ਸ਼ੁਰੂਆਤ ਮਿਲੀ ਪਰ ਕੋਈ ਵੀ ਵੱਡਾ ਸਕੋਰ ਨਹੀਂ ਕਰ ਸਕਿਆ। ਕਲਾਸੇਨ ਦੇ ਸੈਂਕੜੇ ਨੇ ਟੀਮ ਨੂੰ ਚੁਣੌਤੀਪੂਰਨ ਸਕੋਰ ਖੜ੍ਹਾ ਕਰਨ ‘ਚ ਸਹਾਇਤਾ ਕੀਤੀ। ਹੈਦਰਾਬਾਦ ਨੇ 20 ਓਵਰਾਂ ‘ਚ 5 ਵਿਕਟਾਂ ਗੁਆ ਕੇ 186 ਦੌੜਾਂ ਬਣਾਈਆਂ। 187 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਬੈਂਗਲੁਰੂ ਦੀ ਟੀਮ ਨੂੰ ਵਿਰਾਟ ਕੋਹਲੀ ਤੇ ਫਾਫ ਡੂ ਪਲੇਸਿਸ ਨੇ ਧਾਕੜ ਸ਼ੁਰੂਆਤ ਦੁਆਈ। ਦੋਹਾਂ ਨੇ 172 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ। ਵਿਰਾਟ ਕੋਹਲੀ ਨੇ 63 ਗੇਂਦਾਂ ‘ਚ 4 ਛਿੱਕਿਆਂ ਤੇ 12 ਚੌਕਿਆਂ ਸਦਕਾ ਸ਼ਾਨਦਾਰ ਸੈਂਕੜਾ ਜੜਿਆ। ਕਪਤਾਨ ਫਾਫ ਡੂ ਪਲੇਸਿਸ ਨੇ ਵੀ 47 ਗੇਂਦਾਂ ‘ਚ 71 ਦੌੜਾਂ ਦੀ ਜ਼ਬਰਦਸਤ ਪਾਰੀ ਖੇਡੀ ਤੇ ਮੁਕਾਬਲੇ ਨੂੰ ਇਕਪਾਸੜ ਹੀ ਬਣਾ ਦਿੱਤਾ। ਬੈਂਗਲੁਰੂ ਨੇ 4 ਗੇਂਦਾਂ ਪਹਿਲਾਂ ਹੀ 8 ਵਿਕਟਾਂ ਹੱਥ ‘ਚ ਰੱਖਦਿਆਂ ਇਹ ਮੁਕਾਬਲਾ ਆਪਣੇ ਨਾਂ ਕਰ ਲਿਆ।