ਹਾਲ ਹੀ ‘ਚ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦੋ ਬਾਥਰੂਮਾਂ ਵਿੱਚੋਂ ਮਿਲੇ ਟੀਕੇ, ਸਰਿੰਜਾਂ, ਖਾਲੀ ਸ਼ੀਸ਼ੀਆਂ ਤੇ ਨਸ਼ੀਲੀਆਂ ਗੋਲੀਆਂ ਦੇ ਪੱਤਿਆਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਐੱਸ.ਡੀ.ਐੱਮ. ਡਾ. ਇਸ਼ਮਤ ਵਿਜੈ ਸਿੰਘ ਨੂੰ ਪੱਤਰ ਲਿਖ ਕੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਖੇਡਾਂ ਦੌਰਾਨ ਨਸ਼ੇ ਦੀ ਵਰਤੋਂ ਕਰਨ ਵਾਲਿਆਂ ਦੀ ਪਛਾਣ ਕਰਨ ਦੀ ਹਦਾਇਤ ਕੀਤੀ ਹੈ। ਇਸ ਲਈ ਸਿਹਤ ਵਿਭਾਗ ਨੂੰ ਸਬੰਧਤ ਖਿਡਾਰੀਆਂ ਦੇ ਡੋਪ ਟੈਸਟ ਕਰਵਾਉਣ ਦੀ ਤਾਕੀਦ ਵੀ ਕੀਤੀ ਗਈ ਹੈ। ਉਧਰ ਐੱਸ.ਡੀ.ਐੱਮ. ਦਾ ਕਹਿਣਾ ਹੈ ਕਿ ਜ਼ਿਲ੍ਹਾ ਖੇਡ ਅਫਸਰ ਵੱਲੋਂ ਆਪਣੀ ਬਣਦੀ ਰਿਪੋਰਟ ਉਨ੍ਹਾਂ ਨੂੰ ਸੌਂਪ ਦਿੱਤੀ ਗਈ ਹੈ ਪਰ ਉਨ੍ਹਾਂ ਨੇ ਅਜੇ ਖੁਦ ਘਟਨਾ ਸਥਾਨ ਦਾ ਮੌਕਾ ਦੇਖਣਾ ਹੈ। ਉਧਰ ਸਿਹਤ ਵਿਭਾਗ ਦੇ ਇਕ ਉੱਚ ਅਧਿਕਾਰੀ ਦਾ ਕਹਿਣਾ ਹੈ ਕਿ ਹੁਣ ਤੱਕ ਸਾਰੇ ਖਿਡਾਰੀ ਘਰਾਂ ਨੂੰ ਮੁੜ ਚੁੱਕੇ ਹਨ, ਜਿਸ ਕਾਰਨ ਉਨ੍ਹਾਂ ਨੂੰ ਵਾਪਸ ਸੱਦਣਾ ਵੀ ਮੁਸ਼ਕਿਲ ਹੈ। ਉਂਝ ਵੀ ਸਿਹਤ ਵਿਭਾਗ ਵੱਲੋਂ ਮੁੱਖ ਤੌਰ ‘ਤੇ ਅਫੀਮ ਅਤੇ ਭੁੱਕੀ ਵਰਗੇ ਨਸ਼ਿਆਂ ਦੇ ਹੀ ਟੈਸਟ ਕੀਤੇ ਜਾ ਸਕਦੇ ਹਨ। ਮੈਡੀਕਲ ਨਸ਼ੇ ਦੇ ਟੈਸਟ ਕਰਨੇ ਮੁਸ਼ਕਿਲ ਹਨ ਕਿਉਂਕਿ ਇਹ ਟੈਸਟ ਮੌਕੇ ‘ਤੇ ਹੀ ਹੋ ਜਾਵੇ ਤਾਂ ਠੀਕ ਰਹਿੰਦਾ ਹੈ ਪਰ ਫਿਰ ਵੀ ਸਿਹਤ ਵਿਭਾਗ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਏਗਾ।
ਓਧਰ ਅੰਮ੍ਰਿਤਸਰ ‘ਚ ਕਥਿਤ ਤੌਰ ‘ਤੇ ਨਸ਼ੇ ਦਾ ਟੀਕਾ ਲਾਉਂਦੇ ਨੌਜਵਾਨਾਂ ਦੀ ਇਕ ਹੋਰ ਵੀਡੀਓ ਵਾਇਰਲ ਹੋਈ ਹੈ। ਭਾਵੇਂ ਕਿ ਇਸ ਦੀ ਅਧਿਕਾਰਤ ਤੌਰ ‘ਤੇ ਕੋਈ ਪੁਸ਼ਟੀ ਨਹੀਂ ਹੋਈ ਹੈ ਪਰ ਇਹ ਵੀਡੀਓ ਸਥਾਨਕ ਚਮਰੰਗ ਰੋਡ ਦੀ ਦੱਸੀ ਜਾ ਰਹੀ ਹੈ। ਇਸ ‘ਚ ਪੰਜ ਨੌਜਵਾਨ ਰਾਤ ਵੇਲੇ ਲੱਤ ਦੀਆਂ ਨਸਾਂ ‘ਚ ਟੀਕਾ ਲਾਉਂਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਬੀਤੀ ਰਾਤ ਦੀ ਦੱਸੀ ਜਾ ਰਹੀ ਹੈ। ਇਸ ਨਵੀਂ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਪੱਸ਼ਟ ਹੋ ਗਿਆ ਹੈ ਕਿ ਪੁਲੀਸ ਦੀ ਕਾਰਵਾਈ ਦੇ ਬਾਵਜੂਦ ਇਸ ਇਲਾਕੇ ‘ਚ ਨਸ਼ੇ ਦੀ ਵਿਕਰੀ ਅਤੇ ਵਰਤੋਂ ਜਾਰੀ ਹੈ। ਇਸ ਤੋਂ ਪਹਿਲਾਂ ਵੀ ਚਮਰੰਗ ਰੋਡ ਮਕਬੂਲਪੁਰਾ ਤੇ ਹੋਰ ਨੇੜਲੇ ਇਲਾਕਿਆਂ ‘ਚ ਅਜਿਹਾ ਨਸ਼ਾ ਕਰਦੇ ਲੋਕਾਂ ਦੀਆਂ ਵੀਡੀਓਜ਼ ਵਾਇਰਲ ਹੋ ਚੁੱਕੀਆਂ ਹਨ। ਮਕਬੂਲਪੁਰਾ ਇਲਾਕੇ ‘ਚ ਤਾਂ ਇਕ ਨਵਵਿਆਹੀ ਕੁੜੀ ਦੀ ਨਸ਼ੇ ‘ਚ ਧੁੱਤ ਵਾਲੀ ਹਾਲਤ ‘ਚ ਵੀਡੀਓ ਵਾਇਰਲ ਹੋ ਚੁੱਕੀ ਹੈ। ਇਸ ਤੋਂ ਬਾਅਦ ਪੁਲੀਸ ਨੇ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਸੀ ਅਤੇ ਇਸ ਕੁੜੀ ਨੂੰ ਕਾਬੂ ਵੀ ਕੀਤਾ ਸੀ। ਇਨ੍ਹਾਂ ਇਲਾਕਿਆਂ ਵਿੱਚੋਂ ਪੁਲੀਸ ਵੱਲੋਂ ਨਸ਼ਾ ਵੀ ਬਰਾਮਦ ਕੀਤਾ ਜਾ ਚੁੱਕਿਆ ਹੈ ਪਰ ਇਸ ਦੇ ਬਾਵਜੂਦ ਇਥੇ ਨਸ਼ੇ ਦੀ ਵਰਤੋਂ ਤੇ ਵਿਕਰੀ ਜਾਰੀ ਹੈ।
‘ਖੇਡਾਂ ਵਤਨ ਪੰਜਾਬ ਦੀਆਂ’ ਦੌਰਾਨ ਵਾਸ਼ਰੂਮਾਂ ‘ਚੋਂ ਮਿਲੇ ਟੀਕੇ, ਖਾਲੀ ਸ਼ੀਸ਼ੀਆਂ ਤੇ ਨਸ਼ੀਲੀਆਂ ਗੋਲੀਆਂ
Related Posts
Add A Comment