ਹਾਲ ਹੀ ’ਚ ਕਾਂਗਰਸ ਦੇ ਕਿਸਾਨ ਵਿੰਗ ਦੇ ਕੌਮੀ ਚੇਅਰਮੈਨ ਨਿਯੁਕਤ ਕੀਤੇ ਗਏ ਪੰਜਾਬ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪਾਰਟੀ ਬੁਲਾਰੇ ਪਵਨ ਖੇਡ਼ਾ ਨਾਲ ਨਵੀਂ ਦਿੱਲੀ ’ਚ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਸਮੇਂ ਉਨ੍ਹਾਂ ਦੇਸ਼ ’ਚ ਖਾਧ ਪਦਾਰਥਾਂ ਦੀ ਕਿੱਲਤ ਅਤੇ ਪੈਦਾ ਹੋ ਰਹੇ ਅਨਾਜ ਸੰਕਟ ਲਈ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਯੋਜਨਾਵਾਂ ਨੂੰ ਜ਼ਿੰਮੇਵਾਰ ਠਹਿਰਾਇਆ। ਕਾਂਗਰਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਦੇਸ਼ ’ਚ ਖਾਧ ਪਦਾਰਥਾਂ ’ਚ ਕਮੀ ਪਿਛਲੇ 15 ਸਾਲਾਂ ’ਚ ਸਭ ਤੋਂ ਵੱਧ ਹੈ। ਇਸ ਦੇ ਨਾਲ ਹੀ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਇਹ ਕਮੀ ਪਿਛਲੇ 50 ਸਾਲਾਂ ’ਚ ਸਭ ਤੋਂ ਵੱਧ ਹੈ। ਖਹਿਰਾ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ, ਕਿਸਾਨ ਅੰਦੋਲਨ ਦੌਰਾਨ ਸੰਯੁਕਤ ਕਿਸਾਨ ਮੋਰਚੇ ਨੂੰ ਘੱਟ ਤੋਂ ਘੱਟ ਸਮਰਥਨ ਮੁੱਲ ਦੀ ਗਾਰੰਟੀ ਦੇਣ ਸਬੰਧੀ ਕੀਤਾ ਗਿਆ ਵਾਅਦਾ ਪੂਰਾ ਕਰਨ ਲਈ ਤੁਰੰਤ ਇਕ ਕਮੇਟੀ ਗਠਿਤ ਕਰੇ। ਕਾਂਗਰਸੀ ਆਗੂ ਖਹਿਰਾ ਅਤੇ ਮੀਡੀਆ ਵਿੰਗ ਦੇ ਮੁਖੀ ਪਵਨ ਖੇਡ਼ਾ ਨੇ ਕਿਹਾ ਕਿ ਐਤਕੀਂ ਕਣਕ ਦੀ ਪੈਦਾਵਾਰ ਘੱਟ ਹੋਣ ਦੇ ਬਾਵਜੂਦ ਮੋਦੀ ਸਰਕਾਰ ਨੇ ਗੁਜਰਾਤ ਅਤੇ ਉੱਤਰ ਪ੍ਰਦੇਸ਼ ਸਣੇ ਦਸ ਰਾਜਾਂ ਨੂੰ ਕੀਤੀ ਜਾਣ ਵਾਲੀ ਕਣਕ ਦੀ ਅਲਾਟਮੈਂਟ ’ਚ ਵੀ ਕਟੌਤੀ ਕਰ ਦਿੱਤੀ ਹੈ। ਖਹਿਰਾ ਨੇ ਕਿਹਾ ਕਿ ਕਈ ਸਾਲਾਂ ਤੱਕ ਰਾਜਾਂ ਨੂੰ ਝੋਨੇ ਹੇਠਲੇ ਰਕਬੇ ’ਚ ਕਮੀ ਲਿਆਉਣ ਲਈ ਕਹਿਣ ਮਗਰੋਂ ਹੁਣ ਖੁਰਾਕ ਅਤੇ ਖਪਤਕਾਰ ਮਾਮਲਿਆਂ ਸਬੰਧੀ ਮੰਤਰੀ ਪਿਊਸ਼ ਗੋਇਲ ਰਾਜ ਸਰਕਾਰਾਂ ’ਤੇ ਝੋਨੇ ਦਾ ਉਤਪਾਦਨ ਵਧਾਉਣ ਲਈ ਦਬਾਅ ਪਾ ਰਹੇ ਹਨ, ਜਿਸ ਕਰਕੇ ਕਿਸਾਨਾਂ ਨੂੰ ਵੱਡੇ ਪੱਧਰ ’ਤੇ ਖਾਦਾਂ ਦੀ ਕਮੀ ਅਤੇ ਖਾਦਾਂ ਦੀਆਂ ਆਸਮਾਨ ਛੂਹ ਰਹੀਆਂ ਕੀਮਤਾਂ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆਪਣੇ ਸਨਅਤਕਾਰ ਦੋਸਤਾਂ ਨੂੰ ਲਾਭ ਦੇਣ ਲਈ ਅਸਿੱਧੇ ਢੰਗ ਨਾਲ ਮੁਡ਼ ਖੇਤੀ ਕਾਨੂੰਨ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।