ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਅੰਮ੍ਰਿਤਸਰ ਸਥਿਤ ਗੁਰਦੁਆਰਾ ਛੇਹਰਟਾ ਸਾਹਿਬ ਦਾ ਖੂਹ ਪ੍ਰਬੰਧਕਾਂ ਦੀਆਂ ਖਾਮੀਆਂ ਕਾਰਨ ਹਰਟਾਂ ਤੋਂ ਵਿਹੂਣਾ ਹੋ ਗਿਆ ਹੈ। ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਜੀ ਦੇ ਖੂਹ ਦੇ ਇਤਿਹਾਸ ਅਨੁਸਾਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਚਰਨਾਂ ‘ਚ ਇਸ ਇਲਾਕੇ ਦੀਆਂ ਸੰਗਤਾਂ ਵੱਲੋਂ ਖੇਤੀਯੋਗ ਪਾਣੀ ਦੀ ਘਾਟ ਕਰ ਕੇ ਸੁੱਕ ਰਹੀਆਂ ਫਸਲਾਂ ਦੇ ਹੋ ਰਹੇ ਨੁਕਸਾਨ ਦਾ ਯੋਗ ਹੱਲ ਕਰਨ ਲਈ ਬੇਨਤੀ ਕੀਤੀ ਗਈ। ਉਨ੍ਹਾਂ ਦਿਨਾਂ ‘ਚ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਮਾਤਾ ਗੰਗਾ ਜੀ ਦੀ ਕੁੱਖੋਂ ਲੰਮੇ ਅਰਸੇ ਬਾਅਦ 1595 ਈਸਵੀਂ ਨੂੰ ਗੁਰੂ ਹਰਗੋਬਿੰਦ ਜੀ ਨੇ ਅਵਤਾਰ ਧਾਰਿਆ ਸੀ। ਬਾਲਕ ਦੇ ਜਨਮ ਦੀ ਖੁਸ਼ੀ ‘ਚ ਅਤੇ ਫਸਲਾਂ ਲਈ ਪਾਣੀ ਦੀ ਘਾਟ ਨੂੰ ਦੂਰ ਕਰਨ ਲਈ ਇਸ ਪਵਿੱਤਰ ਖੂਹ ਦੀ ਪੁਟਾਈ ਕਰਵਾਈ ਗਈ। ਮਾਘ ਸੁਦੀ ਪੰਚਮੀ 1597 ਈਸਵੀ ਨੂੰ ਪੰਚਮ ਪਾਤਸ਼ਾਹ ਜੀ ਵੱਲੋਂ ਇਸ ਖੂਹ ਵਿਚ ਛੇ-ਹਰਟਾਂ (ਛੇ-ਮਾਹਲਾਂ) ਪਾ ਕੇ ਚਲਾਇਆ ਗਿਆ ਜਿਸ ਨਾਲ ਇਹ ਇਲਾਕਾ ਹਰਿਆ-ਭਰਿਆ ਹੋਇਆ, ਸੰਗਤਾਂ ਨਿਹਾਲ ਹੋਈਆਂ। ਇਥੇ ਛੇ-ਹਰਟਾਂ ਵਾਲੇ ਖੂਹ ਚਲਾਉਣ ਕਰ ਕੇ ਹੀ ਇਸ ਨਗਰ ਅਤੇ ਗੁਰਦੁਆਰਾ ਸਾਹਿਬ ਦਾ ਨਾਮ ਛੇਹਰਟਾ ਸਾਹਿਬ ਪਿਆ। ਖੁਸ਼ੀ ‘ਚ ਆ ਕੇ ਇਸ ਪਵਿੱਤਰ ਅਸਥਾਨ ਨੂੰ ਗੁਰੂ ਅਰਜਨ ਦੇਵ ਜੀ ਵੱਲੋਂ ਬੇਅੰਤ ਵਰ ਬਖਸ਼ੇ ਗਏ। ਬਾਲਕ ਅਵਸਥਾ ‘ਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਖੇਡਦੇ ਹੋਏ ਆਉਂਦੇ ਸਨ। ਗੁਰਤਾ ਗੱਦੀ ਪ੍ਰਾਪਤ ਹੋਣ ਤੋਂ ਬਾਅਦ ਵੀ ਸ਼ਿਕਾਰ ਖੇਡਦੇ ਸਮੇਂ ਦੁਪਹਿਰ ਵੇਲੇ ਇਸ ਰਮਣੀਕ ਅਤੇ ਅਨੰਦਮਈ ਅਸਥਾਨ ‘ਤੇ ਆ ਕੇ ਇਸ਼ਨਾਨ ਕਰਦੇ, ਪ੍ਰਸ਼ਾਦਾ ਛਕਦੇ ਅਤੇ ਆਰਾਮ ਕਰਦੇ ਸਨ। ਦੇਸ਼-ਵਿਦੇਸ਼ ਦੀਆਂ ਸੰਗਤਾਂ ਇਸ ਅਸਥਾਨ ‘ਤੇ ਨਤਮਸਤਕ ਹੁੰਦੀਆਂ ਹਨ ਅਤੇ ਹਰ ਸਾਲ ਬਸੰਤ ਪੰਚਮੀ ‘ਤੇ ਭਾਰੀ ਜੋੜ ਮੇਲਾ ਲੱਗਦਾ ਹੈ। ਇਸ ਇਤਿਹਾਸ ਨਾਲ ਸਬੰਧਤ ਖੂਹ ਵੀ ਵਰਤੋਂ ਨੂੰ ਨਿਰੰਤਰ ਰੱਖਣ ਲਈ ਪ੍ਰਬੰਧਕਾਂ ਵੱਲੋਂ ਛੇਹਰਟਾ ‘ਚੋਂ ਪੰਜ ਹਰਟਾਂ ਪਹਿਲਾਂ ਹੀ ਬੰਦ ਕਰ ਦਿੱਤੀਆਂ ਹਨ ਜਦਕਿ ਰਹਿੰਦੀ ਇਕ ਹਰਟ ਵੀ ਟੁੱਟ ਜਾਣ ਕਾਰਨ ਬਾਹਰ ਕੱਢ ਦਿੱਤੀ ਹੈ ਜਿਸ ਦਾ ਸੰਗਤਾਂ ‘ਚ ਰੋਸ ਹੈ। ਸੰਗਤਾਂ ਦੀ ਮੰਗ ਹੈ ਕਿ ਇਸ ਇਤਿਹਾਸਿਕ ਅਸਥਾਨ ਦੀ ਅਹਿਮੀਅਤ ਛੇਹਰਟਾ ਵਾਲੇ ਖੂਹ ਨਾਲ ਹੈ, ਜਿਸ ਨੂੰ ਸਦੀਵੀ ਬਰਕਰਾਰ ਰੱਖਣਾ ਜਰੂਰੀ ਹੈ। ਗੁਰਦੁਆਰਾ ਛੇਹਰਟਾ ਸਾਹਿਬ ਦੇ ਮੈਨੇਜਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਖੂਹ ਦੀਆਂ ਪੰਜ ਹਰਟਾਂ ਪਹਿਲਾਂ ਹੀ ਬੰਦ ਕਰ ਦਿੱਤੀਆਂ ਸਨ। ਇਕ ਹਰਟ ਨਾਲ ਅੰਮ੍ਰਿਤ ਜਲ ਬਾਹਰ ਕੱਢਿਆ ਜਾਂਦਾ ਹੈ, ਜੋ ਕਿ ਪਿਛਲੇ ਦਿਨੀਂ ਟੁੱਟ ਜਾਣ ਕਾਰਨ ਖੂਹ ‘ਚ ਡਿੱਗ ਗਈ ਸੀ ਜਿਸ ਨੂੰ ਸੇਵਾ ਲਈ ਬਾਹਰ ਕੱਢਿਆ ਹੈ। ਇਸ ਖੂਹ ਦੀ ਸੇਵਾ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲਿਆਂ ਨੂੰ ਦਿੱਤੀ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਗੁਰਦੁਆਰਾ ਛੇਹਰਟਾ ਸਾਹਿਬ ਦਾ ਇਤਿਹਾਸ ਇਸ ਖੂਹ ਦੀਆਂ ਛੇਹਰਟਾਂ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਮੇਂ ਕਾਰਨ ਜਲ ਨੀਵਾਂ ਚੱਲਿਆ ਗਿਆ ਹੈ ਪਰ ਖੂਹ ‘ਚ ਛੇ-ਹਰਟਾਂ ਸਥਾਪਤ ਰਹਿਣਗੀਆਂ ਅਤੇ ਜਲਦ ਹੀ ਇਸ ਦੀ ਸੇਵਾ ਇੰਜੀਨੀਅਰ ਦੀ ਰਾਏ ਅਨੁਸਾਰ ਮੁਕੰਮਲ ਕਰ ਦਿੱਤੀ ਜਾਵੇਗੀ।