ਟੈਕਸਾਸ ਸੂਬੇ ਦੇ ਕਲੀਵਲੈਂਡ ‘ਚ ਇਕ ਵਿਅਕਤੀ ਨੇ ਰਾਈਫਲ ਕੱਢ ਕੇ ਆਪਣੇ ਗੁਆਂਢੀਆਂ ‘ਤੇ ਫਾਇਰਿੰਗ ਕਰ ਦਿੱਤੀ ਜਿਸ ਕਾਰਨ ਇਕ 8 ਸਾਲ ਦੇ ਬੱਚੇ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਉਸ ਸਮੇਂ ਵਾਪਰੀ ਜਦੋਂ ਘਰ ਦੇ ਪਿਛਲੇ ਪਾਸੇ ਫਾਇਰਿੰਗ ਕਰਨ ਵਾਲੇ ਵਿਅਕਤੀ ਨੂੰ ਉਸ ਦੇ ਗੁਆਂਢੀਆਂ ਨੇ ਗੋਲੀਬਾਰੀ ਬੰਦ ਕਰਨ ਲਈ ਕਿਹਾ ਕਿਉਂਕਿ ਉਹ ਉਸ ਸਮੇਂ ਸੌਣ ਦੀ ਕੋਸ਼ਿਸ਼ ਕਰ ਰਹੇ ਸਨ। ਸੈਨ ਜੈਕਿੰਟੋ ਕਾਉਂਟੀ ਦੇ ਸ਼ੈਰਿਫ ਗ੍ਰੇਗ ਕੈਪਰਸ ਨੇ ਕਿਹਾ ਕਿ ਹਿਊਸਟਨ ਤੋਂ ਲਗਭਗ 72 ਕਿਲੋਮੀਟਰ ਉੱਤਰ ‘ਚ ਕਲੀਵਲੈਂਡ ਸ਼ਹਿਰ ‘ਚ ਗੋਲੀਬਾਰੀ ਤੋਂ ਬਾਅਦ ਅਧਿਕਾਰੀ 39 ਸਾਲਾ ਸ਼ੱਕੀ ਦੀ ਭਾਲ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸ਼ੱਕੀ ਨੇ ਗੋਲੀਬਾਰੀ ‘ਚ ਏ.ਆਰ. ਰਾਈਫਲ ਦੀ ਵਰਤੋਂ ਕੀਤੀ। ਕੇਪਰਸ ਨੇ ਕਿਹਾ ਕਿ ਇਕ ਬਹਿਸ ਤੋਂ ਬਾਅਦ ਪੀੜਤ ਦੇ ਪਰਿਵਾਰਕ ਮੈਂਬਰ ਇਕ ਗੁਆਂਢੀ ਦੀ ਕੰਧ ਤੱਕ ਚਲੇ ਗਏ ਅਤੇ ਸ਼ੱਕੀ ਨੂੰ ਗੋਲੀਬਾਰੀ ਬੰਦ ਕਰਨ ਲਈ ਕਿਹਾ। ਕੇਪਰਸ ਦੇ ਅਨੁਸਾਰ ਸ਼ੱਕੀ ਨੇ ਜਵਾਬ ਦਿੱਤਾ ਕਿ ਇਹ ਉਸ ਦੀ ਪ੍ਰਾਪਰਟੀ ਸੀ। ਮਰਨ ਵਾਲਿਆਂ ‘ਚ 3 ਔਰਤਾਂ ਵੀ ਸ਼ਾਮਲ ਹਨ। ਕੇਪਰਸ ਨੇ ਕਿਹਾ ਕਿ ਮਰਨ ਵਾਲਿਆਂ ਦੀ ਉਮਰ 8 ਤੋਂ ਲੈ ਕੇ 40 ਸਾਲ ਤੱਕ ਸੀ। ਸਾਰੇ ਮ੍ਰਿਤਕ ਹੋਂਡੂਰਸ ਦੇ ਨਾਗਰਿਕ ਸਨ।