ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਐੱਨ.ਆਈ.ਏ. ਵੱਲੋਂ ਲਗਾਤਾਰ ਪੰਜਾਬੀ ਗਾਇਕਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਬੀਤੇ ਕੱਲ੍ਹ ਹੀ ਗਾਇਕ ਮਨਕੀਰਤ ਔਲਖ ਅਤੇ ਦਿਲਪ੍ਰੀਤ ਢਿੱਲੋਂ ਪਾਸੋਂ ਨਵੀਂ ਦਿੱਲੀ ਸਥਿਤ ਐੱਨ.ਆਈ.ਏ. ਦਫ਼ਤਰ ‘ਚ ਲੰਬੀ ਪੁੱਛਗਿੱਛ ਕੀਤੀ ਗਈ ਸੀ। ਉਸ ਤੋਂ ਅਗਲੇ ਹੀ ਦਿਨ ਅੱਜ ਗਾਇਕਾ ਜੈਨੀ ਜੌਹਲ ਤੋਂ ਚਾਰ ਤੋਂ ਪੰਜ ਘੰਟੇ ਲੰਬੀ ਪੁੱਛਗਿੱਛ ਹੋਈ ਹੈ। ਇਸ ਤੋਂ ਪਹਿਲਾਂ ਅਫਸਾਨਾ ਖਾਨ ਤੋਂ ਵੀ ਐੱਨ.ਆਈ.ਏ. ਜਾਂਚ ਕਰ ਚੁੱਕੀ ਹੈ। ਜਾਣਕਾਰੀ ਅਨੁਸਾਰ ਐੱਨ.ਆਈ.ਏ. ਕੋਲ ਪੰਜਾਬੀ ਗਾਇਕ ਇੰਡਸਟਰੀ ਦੇ ਕੁਝ ਗਾਇਕਾਂ ਤੇ ਕਲਾਕਾਰਾਂ ਦੀ ਸੂਚੀ ਹੈ ਜਿਸ ਤਹਿਤ ਵਾਰੀ-ਵਾਰੀ ਸੱਦ ਕੇ ਇਹ ਪੁੱਛਗਿੱਛ ਕੀਤੀ ਜਾ ਰਹੀ ਹੈ। ਅਜਿਹੀਆਂ ਖ਼ਬਰਾਂ ਆਉਣ ਤੋਂ ਬਾਅਦ ਕਈ ਪੰਜਾਬੀ ਗਾਇਕ ਸਹਿਮ ਹੋਏ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਮਨਕੀਰਤ ਔਲਖ ਤੇ ਦਿਲਪ੍ਰੀਤ ਢਿੱਲੋਂ ਨੇ ਇਕ ਵਾਰ ਜੇਲ੍ਹ ‘ਚ ਪ੍ਰੋਗਰਾਮ ਕੀਤਾ ਸੀ ਜਿੱਥੇ ਉਨ੍ਹਾਂ ਦੀ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਫੋਟੋ ਵਾਇਰਲ ਹੋਈ ਸੀ। ਜਿੱਥੋਂ ਤੱਕ ਜੈਨੀ ਜੌਹਲ ਦਾ ਸਵਾਲ ਹੈ ਤਾਂ ਉਸ ਨੇ ਕੁਝ ਦਿਨ ਪਹਿਲਾਂ ਹੀ ਗਾਇਕ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਇਕ ਗੀਤ ‘ਲੈਟਰ ਟੂ ਸੀ.ਐੱਮ’ ਰਿਲੀਜ਼ ਕੀਤਾ ਸੀ ਜਿਸ ਨੂੰ ਸਰਕਾਰ ਨੇ ਬੈਨ ਕਰ ਦਿੱਤਾ ਸੀ। ਗਾਇਕਾ ਜੈਨੀ ਜੌਹਲ ਅਤੇ ਸਿੱਧੂ ਮੂਸੇਵਾਲਾ ਦੀ ਮੂੰਹ ਬੋਲੀ ਭੈਣ ਅਫਸਾਨਾ ਖਾਨ ਲਗਾਤਾਰ ਮਰਹੂਮ ਸਿੱਧੂ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਕਰਦੀਆਂ ਆਵਾਜ਼ ਬੁਲੰਦ ਕਰਦੀਆਂ ਆ ਰਹੀਆਂ ਹਨ। ਸੂਤਰਾਂ ਅਨੁਸਾਰ ਐੱਨ.ਆਈ.ਏ. ਗੈਂਗਸਟਰਾਂ ਅਤੇ ਪੰਜਾਬੀ ਗਾਇਕਾਂ ਦੇ ਸਬੰਧਾਂ ਨੂੰ ਲੈ ਕੇ ਜਾਂਚ ਕਰ ਰਹੀ ਹੈ। ਇਹ ਕਨਸੋਆਂ ਹਨ ਕਿ ਗੈਂਗਸਟਰਾਂ ਦਾ ਰੁਪਿਆ ਪੰਜਾਬੀ ਗਾਇਕਾਂ ‘ਤੇ ਲੱਗਦਾ ਹੈ। ਇਸ ਰੁਪਏ ਨਾਲ ਗਾਣੇ ਤੇ ਵੀਡੀਓ ਤਿਆਰ ਹੁੰਦੇ ਹਨ। ਗੈਂਗਸਟਰ ਆਪਣਾ ਦੋ ਨੰਬਰ ਦਾ ਰੁਪਿਆ ਇਸ ਤਰੀਕੇ ਨਾਲ ਪੰਜਾਬੀ ਗਾਇਕ ਇੰਡਸਟਰੀ ‘ਚ ਲਾ ਕੇ ਇਕ ਨੰਬਰ ‘ਚ ਕਰਦੇ ਹਨ।