‘ਲੈਟਰ ਟੂ ਸੀ.ਐੱਮ’ ਗੀਤ ਰਿਲੀਜ਼ ਦੇ ਕੁਝ ਘੰਟੇ ਅੰਦਰ ਹੀ ਲੱਖਾਂ ਲੋਕਾਂ ਦੀ ਪਸੰਦ ਬਣਿਆ ਜਿਸ ‘ਚ ਸਿੱਧਾ ਨਿਸ਼ਾਨਾ ਮੁੱਖ ਮੰਤਰੀ ਭਗਵੰਤ ਮਾਨ ‘ਤੇ ਸੇਧਿਆ ਗਿਆ ਸੀ। ਸਿੱਧੂ ਮੂਸੇਵਾਲਾ ਕਤਲ ਲਈ ਇਨਸਾਫ਼ ਦੀ ਮੰਗ ਕਰਦਾ ਇਹ ਗੀਤ ਕਾਪੀਰਾਈਟ ਕਰਕੇ ਹਟਾਇਆ ਗਿਆ ਹੈ। ਗੀਤ ਨੂੰ ਬਲਾਕ ਕਰਨ ਦਾ ਕਾਰਨ ਕਾਪੀਰਾਈਟ ਵਿਵਾਦ ਦੱਸਿਆ ਗਿਆ ਹੈ। 8 ਅਕਤੂਬਰ ਨੂੰ ਰਿਲੀਜ਼ ਹੋਏ ਜੈਨੀ ਦੇ ਇਸ ਗੀਤ ਨੇ ਪੰਜਾਬ ਦੀ ਸਿਆਸਤ ‘ਚ ਹਲਚਲ ਮਚਾ ਦਿੱਤੀ। ਗੀਤ ‘ਚ ਜੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਸਵਾਲ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਚਾਰ ਮਹੀਨੇ ਬੀਤ ਚੁੱਕੇ ਹਨ, ਦੱਸੋ ਇਨਸਾਫ਼ ਕਿੱਥੇ ਹੈ। ਇਸ ਗੀਤ ਨੂੰ ਖ਼ੁਦ ਜੈਨੀ ਨੇ ਲਿਖਿਆ ਹੈ ਅਤੇ ਇਸ ਦਾ ਸੰਗੀਤ ਪ੍ਰਿੰਸ ਸੱਗੂ ਨੇ ਦਿੱਤਾ ਹੈ। ਜੈਨੀ ਦਾ ਇਹ ਗੀਤ 8 ਅਕਤੂਬਰ ਸ਼ਨਿਚਰਵਾਰ ਨੂੰ ਹੀ ਯੂਟਿਊਬ ‘ਤੇ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਬਲਾਕ ਹੋਣ ਤੱਕ 2 ਲੱਖ 32 ਹਜ਼ਾਰ 463 ਲੋਕਾਂ ਨੇ ਦੇਖਿਆ ਸੀ। 4.14 ਮਿੰਟ ਦੇ ਇਸ ਗੀਤ ਨੂੰ 47 ਹਜ਼ਾਰ ਲੋਕਾਂ ਨੇ ਪਸੰਦ ਕੀਤਾ ਹੈ। ਗੀਤ ‘ਚ ਮੁੱਖ ਮੰਤਰੀ ਗੁਜਰਾਤ ‘ਚ ਵੋਟਾਂ ਲਈ ਗਰਬਾ ਕਰਨ ਅਤੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਇਨਸਾਫ਼ ਦੀ ਉਡੀਕ ਦਾ ਜ਼ਿਕਰ ਕੀਤਾ ਗਿਆ ਹੈ। ਗੀਤ ਬਲਾਕ ਕਰਨ ਤੋਂ ਬਾਅਦ ਭਗਵੰਤ ਮਾਨ ਸਰਕਾਰ ਚੁਫੇਰਿਓਂ ਘਿਰਦੀ ਦਿਖਾਈ ਦਿੰਦੀ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਸਮੇਤ ਕਈ ਆਗੂਆਂ ਅਤੇ ਆਮ ਲੋਕਾਂ ਨੇ ਗੀਤ ਯੂਟਿਊਬ ਤੋਂ ਹਟਾਏ ਜਾਣ ਦੀ ਨਿਖੇਧੀ ਕੀਤੀ ਹੈ। ਮਜੀਠੀਆ ਨੇ ਆਖਿਆ ਕਿ ਉਹ ਪੰਜਾਬ ਦੀ ਇਕ ਧੀ ਵੱਲੋਂ ਚੁੱਕੇ ਸਵਾਲਾਂ ਦਾ ਜਵਾਬ ਦੇਣ ਤੋਂ ਕਿਉਂ ਡਰ ਰਹੇ ਹਨ ਤੇ ਉਸ ਦੇ ਗੀਤ ‘ਤੇ ਪਾਬੰਦੀ ਕਿਉਂ ਲਗਵਾਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਉਨ੍ਹਾਂ ਨੂੰ ਜੈਨੀ ਜੌਹਲ ਦਾ ਗੀਤ ਸੁਣਨ ਲਈ ਮਜਬੂਰ ਕਰੇਗਾ ਅਤੇ ਇਸ ਵਾਸਤੇ ਮੁੱਖ ਮੰਤਰੀ ਦੀ ਰਿਹਾਇਸ਼ ਤੱਕ ਉੱਚੀ ਆਵਾਜ਼ ‘ਚ ਇਹ ਗੀਤ ਵਜਾਉਂਦਿਆਂ ਰੋਸ ਮਾਰਚ ਕਰੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਜਿਨ੍ਹਾਂ ਨੇ ਕਦੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੀ ਵਕਾਲਤ ਕੀਤੀ, ਉਹ ਯੂਟਿਊਬ ‘ਤੇ ਜੈਨੀ ਜੌਹਲ ਦੇ ਗੀਤ ‘ਤੇ ਸਿਰਫ ਇਸ ਕਰ ਕੇ ਪਾਬੰਦੀ ਲਗਵਾ ਰਹੇ ਹਨ ਕਿਉਂਕਿ ਗਾਇਕਾ ਨੇ ਮੁੱਖ ਮੰਤਰੀ ਤੋਂ ਕੁਝ ਸਵਾਲ ਪੁੱਛੇ ਹਨ। ਉਨ੍ਹਾਂ ਕਿਹਾ ਕਿ ਇਹ ਉਹੀ ਲੋਕ ਹਨ, ਜਿਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਸਿੱਧੂ ਮੂਸੇਵਾਲਾ ਦੇ ਗੀਤ ‘ਤੇ ਪਾਬੰਦੀ ਲਗਾਉਣ ਦਾ ਵਿਰੋਧ ਕਰਦਿਆਂ ਆਵਾਜ਼ ਬੁਲੰਦ ਕੀਤੀ ਸੀ ਤੇ ਅੱਜ ਆਪ ਪਾਬੰਦੀਆਂ ਲਗਵਾ ਰਹੇ ਹਨ। ਕਾਂਗਰਸ ਪ੍ਰਧਾਨ ਵੜਿੰਗ ਨੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਜੈਨੀ ਜੌਹਲ ਦੇ ਨਵੇਂ ਗੀਤ ਦੇ ਪ੍ਰਸਾਰਣ ‘ਤੇ ਪਾਬੰਦੀ ਲਾਉਣ ਦੀ ਨਿਖੇਧੀ ਕੀਤੀ ਹੈ, ਜਿਸ ‘ਚ ਉਹ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਆਪਣੀ ਮੂਲ ਪਾਰਟੀ ਭਾਜਪਾ ਦੇ ਨਕਸ਼ੇ-ਕਦਮਾਂ ‘ਤੇ ਚੱਲ ਰਹੀ ਹੈ, ਜਿਸ ਨੇ ਵੀ ਲੋਕਾਂ ਦੀ ਆਵਾਜ਼ ਉਠਾਉਣ ਵਾਲੇ ਗੀਤਾਂ ‘ਤੇ ਪਾਬੰਦੀ ਲਗਾ ਦਿੱਤੀ ਸੀ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ‘ਆਪ’ ਸਰਕਾਰ ਗੀਤ ‘ਚ ਉਠਾਏ ਮੁੱਦਿਆਂ ‘ਤੇ ਧਿਆਨ ਦੇਣ ਅਤੇ ਉਨ੍ਹਾਂ ਨੂੰ ਹੱਲ ਕਰਨ ਦੀ ਬਜਾਏ ਤਾਨਾਸ਼ਾਹੀ ਵਾਲਾ ਕੰਮ ਕੀਤਾ ਹੈ ਪਰ ਇਹ ਉਨ੍ਹਾਂ ਦੀ ਵੱਡੀ ਭੁੱਲ ਹੈ ਕਿ ਉਹ ਗੀਤ ‘ਤੇ ਪਾਬੰਦੀ ਲਗਾ ਕੇ ਲੋਕਾਂ ਤੱਕ ਇਸ ਦੀ ਪਹੁੰਚ ਨੂੰ ਰੋਕ ਸਕਦੇ ਹਨ। ਇਹ ਗੀਤ ਹੋਰ ਵੀ ਮਸ਼ਹੂਰ ਹੋਵੇਗਾ, ਜਿਸ ‘ਚ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਉਠਾਈ ਗਈ ਹੈ। ਕਾਂਗਰਸ ਦੇ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਦੇ ਬੁਨਿਆਦੀ ਹੱਕਾਂ ਤੋਂ ਵਾਂਝਿਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗਾਇਕਾ ਜੈਨੀ ਜੌਹਲ ਵੱਲੋਂ ਗਾਏ ਗੀਤ ਉੱਪਰ ਲਗਵਾਈ ਗਈ ਪਾਬੰਦੀ ਇਸ ਸਰਕਾਰ ਦੀ ਤਾਨਾਸ਼ਾਹੀ ਦਾ ਸਬੂਤ ਹੈ।