ਸਿੱਧੂ ਮੂਸੇਵਾਲਾ ਲਈ ਇਨਸਾਫ਼ ਮੰਗਦਿਆਂ ਭਗਵੰਤ ਮਾਨ ‘ਤੇ ਸੇਧਿਆ ਨਿਸ਼ਾਨਾ
ਪੰਜਾਬੀ ਗਾਇਕਾ ਜੈਨੀ ਜੌਹਲ ਦਾ ਅੱਜ ਯੂ-ਟਿਊਬ ‘ਤੇ ਰਿਲੀਜ਼ ਕੀਤਾ ਗਾਣਾ ‘ਲੈਟਰ ਟੂ ਸੀ.ਐੱਮ’ ਕੁਝ ਘੰਟੇ ‘ਚ ਹੀ ਚਰਚਾ ‘ਚ ਆ ਗਿਆ। ਇਸ ਦਾ ਕਾਰਨ ਗਾਣੇ ‘ਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸੇਧਿਆ ਨਿਸ਼ਾਨਾ ਹੈ। ਗਾਣੇ ਦੇ ਬੋਲ ਕਾਫੀ ਸਖ਼ਤ ਹਨ ਜਿਨ੍ਹਾਂ ਨੂੰ ਖੁਦ ਜੈਨੀ ਜੌਹਲ ਨੇ ਲਿਖਿਆ ਹੈ। ਇਸ ਗਾਣੇ ‘ਚ ਇਕ ਪਾਸੇ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸ ਦੇ ਮਾਪਿਆਂ ਤੇ ਘਰ ‘ਚ ਪਏ ਸੋਗ ਦਾ ਜ਼ਿਕਰ ਕਰਦਿਆਂ ਦੂਜੇ ਪਾਸੇ ਮੁੱਖ ਮੰਤਰੀ ਦੇ ਘਰ ਸ਼ਹਿਨਾਈਆਂ ਗੂੰਜਣ ਦੀ ਗੱਲ ਕੀਤੀ ਗਈ ਹੈ। ਇਸ ਤੋਂ ਭਾਵ ਭਗਵੰਤ ਮਾਨ ਵੱਲੋਂ ਡਾ. ਗੁਰਪ੍ਰੀਤ ਕੌਰ ਨਾਲ ਕਰਵਾਇਆ ਵਿਆਹ ਹੈ। ਇਸੇ ਗਾਣੇ ‘ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੁਝ ਦਿਨ ਪਹਿਲਾਂ ਹੀ ਗੁਜਰਾਤ ‘ਚ ਕੀਤੇ ‘ਗਰਬੇ’ ਦੇ ਨਾਲ-ਨਾਲ ਪੁਲੀਸ ਹਿਰਾਸਤ ‘ਚੋਂ ਮੁਲਜ਼ਮ ਫਰਾਰ ਹੋਣ ਦਾ ਵੀ ਜ਼ਿਕਰ ਹੈ। ਇਹ ਗੱਲ ਮਾਨਸਾ ‘ਚ ਗੈਂਗਸਟਰ ਦੀਪਕ ਟੀਨੂ ਦੀ ਫਰਾਰੀ ਵੱਲ ਇਸ਼ਾਰਾ ਕਰਦੀ ਹੈ। ਰਿਲੀਜ਼ ਹੋਣ ਦੇ ਕੁਝ ਘੰਟੇ ਅੰਦਰ ਹੀ ਇਸ ਗਾਣੇ ਨੂੰ 61 ਹਜ਼ਾਰ ਲੋਕ ਦੇਖ ਚੁੱਕੇ ਸਨ ਅਤੇ 2550 ਲੋਕਾਂ ਨੇ ਕੁਮੈਂਟ ਕੀਤੇ ਸਨ। ਇਸ ਗਾਣੇ ਬਾਰੇ ਲੋਕਾਂ ਦੀਆਂ ਟਿੱਪਣੀਆਂ ਦੀ ਦਿਲਚਸਪ ਰਹੀਆਂ। ਬਹੁਤੇ ਲੋਕਾਂ ਨੇ ਗਾਇਕਾ ਜੈਨੀ ਜੌਹਲ ਦੀ ਦਲੇਰੀ ਨਾਲ ਸੱਚ ਕਹਿਣ ਲਈ ਤਾਰੀਫ ਕੀਤੀ ਹੈ। ਯੂ-ਟਿਊਬ ਉੱਪਰ ਇਸ ਗਾਣੇ ਨੂੰ ਲਾਊਡ ਵੇਵਸ ਦੇ ਲੇਬਲ ਹੇਠਾਂ ਪ੍ਰਿੰਸ ਸੱਗੂ ਦੇ ਸੰਗੀਤ ‘ਚ ਰਿਲੀਜ਼ ਕੀਤਾ ਗਿਆ ਹੈ। ਗਾਣੇ ‘ਚ ਉੱਘੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਵੀ ਜ਼ਿਕਰ ਹੈ। ਅਗਲੇ ਦਿਨਾਂ ‘ਚ ਇਹ ਗਾਣਾ ਹੋਰ ਚਰਚਾ ‘ਚ ਆਉਣ ਦੀ ਸੰਭਾਵਨਾ ਹੈ ਅਤੇ ਹੋ ਸਕਦਾ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਦੇ ‘ਐੱਸ.ਵਾਈ.ਐੱਲ’ ਗਾਣੇ ਵਾਂਗ ਇਸ ਨੂੰ ਵੀ ਬੈਨ ਕਰ ਦਿੱਤਾ ਜਾਵੇ।