ਉੱਘੇ ਗਾਇਕ ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਤੋਂ ਬਾਅਦ ਗੈਂਗਸਟਰਾਂ ਵੱਲੋਂ ਕਤਲ ਕਰਨ ਤੋਂ ਬਾਅਦ ਹੁਣ ਇਕ ਹੋਰ ਗਾਇਕ ਦੀ ਰੇਕੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋ ਬਾਈਕ ਸਵਾਰ ਗਾਇਕ ਮਨਕੀਰਤ ਔਲਖ ਦਾ ਦੋ ਕਿਲੋਮੀਟਰ ਤੱਕ ਪਿੱਛਾ ਕਰਦੇ ਨਜ਼ਰ ਆਏ। ਗਾਇਕ ਨੇ ਇਸ ਦੀ ਸ਼ਿਕਾਇਤ ਪੁਲੀਸ ਨੂੰ ਦੇ ਦਿੱਤੀ ਹੈ ਅਤੇ ਪੁਲੀਸ ਨੇ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਇਸ ਲਈ ਸੀ.ਸੀ.ਟੀ.ਵੀ. ਫੁਟੇਜ ਖੰਗਾਲੀ ਜਾ ਰਹੀ ਹੈ। ਇਕ ਸੀ.ਸੀ.ਟੀ.ਵੀ. ਫੁਟੇਜ ‘ਚ ਦੋ ਬਾਈਕ ਸਵਾਰ ਮਨਕੀਰਤ ਔਲਖ ਦੀ ਗੱਡੀ ਦਾ ਪਿੱਛਾ ਕਰਦੇ ਵੀ ਦਿਖਾਈ ਦਿੰਦੇ ਹਨ। ਗੱਡੀ ਨੂੰ ਸੁਰੱਖਿਅਤ ਥਾਂ ਵੱਲ ਮੋੜ ਲੈਣ ਅਤੇ ਗੱਡੀ ‘ਚੋਂ ਗੰਨਮੈਨ ਦੇ ਹਥਿਆਰ ਲੈ ਕੇ ਉੱਤਰਨ ‘ਤੇ ਇਹ ਬਾਈਕ ਸਵਾਰ ਦੋਵੇਂ ਨੌਜਵਾਨ ਮੁੜ ਜਾਂਦੇ ਹਨ, ਜਿਨ੍ਹਾਂ ‘ਚੋਂ ਬਾਈਕ ਚਲਾਉਣ ਵਾਲੇ ਦੇ ਮੂੰਹ ‘ਤੇ ਰੁਮਾਲ ਬੰਨ੍ਹ ਕੇ ਮੂੰਹ ਢਕਿਆ ਹੋਇਆ ਵੀ ਦਿਖਾਈ ਦਿੰਦਾ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲੀਸ ਪਿਛਲੇ ਕਈ ਦਿਨਾਂ ਦੀ ਇਲਾਕੇ ਦੀ ਸੀ.ਸੀ.ਟੀ.ਵੀ. ਫੁਟੇਜ ਖੰਗਾਲ ਰਹੀ ਹੈ ਤਾਂ ਜੋ ਰੇਕੀ ਕਰਨ ਵਾਲਿਆਂ ਦਾ ਖੁਰਾ ਖੋਜ ਨੱਪਿਆ ਜਾ ਸਕੇ। ਜਾਣਕਾਰੀ ਅਨੁਸਾਰ ਮਨਕੀਰਤ ਔਲਖ ਆਪਣੇ ਕਾਫ਼ਲੇ ਸਮੇਤ ਰਾਤ ਦੇ ਸਮੇਂ ਹੋਮਲੈਂਡ ਵਿਖੇ ਘਰ ਵੱਲ ਆ ਰਹੇ ਸਨ। ਉਦੋਂ ਬਾਈਕ ‘ਤੇ ਸਵਾਰ ਨੌਜਵਾਨਾਂ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਦੋਵਾਂ ਦੇ ਮੂੰਹ ਢਕੇ ਹੋਏ ਸਨ। ਬਾਈਕ ਸਵਾਰਾਂ ਨੇ ਕਰੀਬ ਦੋ ਕਿਲੋਮੀਟਰ ਤੱਕ ਕਾਫਲੇ ਦਾ ਪਿੱਛਾ ਕੀਤਾ ਪਰ ਕਾਰ ‘ਚ ਬੈਠੇ ਸੁਰੱਖਿਆ ਕਰਮਚਾਰੀ ਅਤੇ ਮਨਕੀਰਤ ਨੂੰ ਇਸ ਦਾ ਪਤਾ ਲੱਗ ਗਿਆ। ਘਟਨਾ ਤੋਂ ਬਾਅਦ ਚੌਕਸ ਸੁਰੱਖਿਆ ਮੁਲਾਜ਼ਮਾਂ ਨੇ ਗੱਡੀ ਨੂੰ ਸੁਰੱਖਿਅਤ ਥਾਂ ਵੱਲ ਮੋੜ ਦਿੱਤਾ। ਜਿਵੇਂ ਹੀ ਕਾਰ ਸੁਰੱਖਿਅਤ ਸਥਾਨ ‘ਤੇ ਪਹੁੰਚੀ ਤਾਂ ਸੁਰੱਖਿਆ ਗਾਰਡ ਆਪਣੀ ਰਾਈਫਲ ਸਮੇਤ ਕਾਰ ਛੱਡ ਕੇ ਚਲਾ ਗਿਆ। ਸੁਰੱਖਿਆ ਕਰਮੀਆਂ ਨੂੰ ਬਾਹਰ ਆਉਂਦੇ ਦੇਖ ਬਾਈਕ ਸਵਾਰਾਂ ਨੇ ਮੋਟਰ ਸਾਈਕਲ ਮੋੜ ਦਿੱਤਾ ਅਤੇ ਫ਼ਰਾਰ ਹੋ ਗਏ।