ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਤ ‘ਚ ਪੁੱਛਗਿੱਛ ਦਾ ਸਾਹਮਣਾ ਕਰਨ ਚੁੱਕੇ ਪੰਜਾਬੀ ਗਾਇਕ ਮਨਕੀਰਤ ਔਲਖ ਦੀਆਂ ਮੁਸ਼ਕਿਲਾਂ ‘ਚ ਉਦੋਂ ਹੋਰ ਵਾਧਾ ਹੋ ਗਿਆ ਜਦੋਂ ਉਨ੍ਹਾਂ ਨੂੰ ਚੰਡੀਗੜ੍ਹ ਏਅਰਪੋਰਟ ‘ਤੇ ਇਮੀਗ੍ਰੇਸ਼ਨ ਨੇ ਰੋਕ ਦਿੱਤਾ। ਇਸ ਪਿੱਛੋਂ ਉਨ੍ਹਾਂ ਕੋਲੋਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਟੀਮ ਨੇ ਪੁੱਛਗਿੱਛ ਕੀਤੀ। ਬਾਅਦ ‘ਚ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ। ਪੰਜਾਬੀ ਗਾਇਕ ਔਲਖ ਡੁਬਈ ਵਿਖੇ ਸ਼ੋਅ ਲਾਉਣ ਜਾ ਰਿਹਾ ਸੀ। ਫਿਲਹਾਲ ਉਸ ਤੋਂ ਐੱਨ.ਆਈ.ਏ. ਦੀ ਟੀਮ ਵੱਲੋਂ ਪੁੱਛਗਿੱਛ ਦੀ ਵਜ੍ਹਾ ਅਜੇ ਤਕ ਸਾਹਮਣੇ ਨਹੀਂ ਆ ਸਕੀ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਦੇ ਮਾਮਲੇ ‘ਚ ਐੱਨ.ਆਈ.ਏ. ਨੇ ਮਨਕੀਰਤ ਔਲਖ ਅਤੇ ਦਿਲਪ੍ਰੀਤ ਢਿੱਲੋਂ ਤੋਂ ਲੰਮੀ ਪੁੱਛਗਿੱਛ ਕੀਤੀ ਸੀ। ਏਅਰਪੋਰਟ ‘ਤੇ ਰੋਕੇ ਜਾਣ ਤੋਂ ਬਾਅਦ ਮਨਕੀਰਤ ਔਲਖ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਪਾਈ ਅਤੇ ਕਿਹਾ ਕਿ ਕੁਝ ਤਕਨੀਕੀ ਕਾਰਨਾਂ ਕਰਕੇ ਉਹ ਡੁਬਈ ‘ਚ ਸ਼ੋਅ ਲਈ ਨਹੀਂ ਪਹੁੰਚ ਸਕੇ। ਉਨ੍ਹਾਂ ਦੋ ਚਾਰ ਦਿਨਾਂ ‘ਚ ਦੁਬਾਰਾ ਡੁਬਈ ਸ਼ੋਅ ਲਾਉਣ ਦੀ ਗੱਲ ਵੀ ਕੀਤੀ।