ਕਿਸਾਨ ਅੰਦੋਲਨ ਸਮੇਂ ‘ਕਿਸਾਨ ਐਂਥਮ’ ਪੇਸ਼ ਕਰਨ ਵਾਲੇ ਗਾਇਕ ਗੀਤਕਾਰ ਸ਼੍ਰੀ ਬਰਾੜ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਸ਼੍ਰੀ ਬਰਾੜ ਨੇ ਮਿਲ ਰਹੀਆਂ ਧਮਕੀਆਂ ਬਾਰੇ ਲਾਈਵ ਹੋ ਕੇ ਜਾਣਕਾਰੀ ਦਿੱਤੀ। ਇਸ ਦੌਰਾਨ ਉਨ੍ਹਾਂ ਕਈ ਸਿਆਸਤਦਾਨਾਂ ‘ਤੇ ਵੀ ਇਲਜ਼ਾਮ ਲਾਏ ਹਨ। ਉਸ ਨੇ ਕਿਹਾ ਕਿ ਮੈਂ ਦੱਸ ਨਹੀਂ ਸਕਦਾ ਕਿ ਮੈਂ ਆਪਣੀ ਜ਼ਿੰਦਗੀ ‘ਚ ਕੀ ਕੀ ਚੀਜ਼ਾਂ ਸਹਿ ਰਿਹਾ ਹਾਂ। ਕਿਸਾਨ ਅੰਦੋਲਨ ਦੌਰਾਨ ਬਹੁਤ ਕੁਝ ਦੇਖਿਆ ਤੇ ਕਈ ਗੁੰਡਿਆਂ ਦੇ ਫੋਨ ਆਉਂਦੇ ਹੁੰਦੇ ਸਨ ਤੇ ਸਿਆਸਤਦਾਨਾਂ ਤੋਂ ਧਮਕੀਆਂ ਮਿਲਦੀਆਂ ਸਨ। ਉਨ੍ਹਾਂ ਦੱਸਿਆ ਕਿ ਮੈਂ ਇਨ੍ਹਾਂ ਤੋਂ ਆਪਣਾ ਖਹਿੜਾ ਛੁਡਾਉਣ ਲਈ ਪੈਸੇ ਦਿੰਦਾ ਹਾਂ ਜਾਂ ਹੱਥ ਵੀ ਜੋੜ ਦਿੰਦਾ ਹਾਂ। ਪੰਜਾਬ ਦੇ ਹੱਕ ‘ਚ ਬੋਲਣ ਦਾ ਸਿਲਾ ਇਹ ਹੈ ਕਿ 12 ਮਹੀਨੇ ਹੀ ਮੈਂ ਇਸ ਸਥਿਤੀ ‘ਚ ਹੁੰਦਾ ਹਾਂ ਕਿ ਆਪਣੀ ਜੀਵਨ ਖ਼ਤਮ ਕਰ ਲਵਾਂ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਦੋਂ ਮੈਂ ‘ਬੇੜੀਆਂ’ ਗਾਣਾ ਕੱਢਿਆ ਤਾਂ ਉਸ ਤੋਂ ਬਾਅਦ ਵੀ ਮੈਨੂੰ ਬਹੁਤ ਕੁਝ ਕਿਹਾ ਗਿਆ। ਬਰਾੜ ਨੇ ਕਿਹਾ ਕਿ ਤੁਸੀਂ ਹਜ਼ਾਰ ਕਲਮਾਂ ਮੇਰੇ ਖ਼ਿਲਾਫ਼ ਚਲਵਾ ਲਓ, ਤੁਹਾਡੇ ਕੋਲ ਇਕੋ ਹੱਲ ਹੈ, ਜੇ ਤੁਸੀਂ ਮੈਨੂੰ ਕਿਸੇ ਕੋਲੋਂ ਗੋਲੀ ਮਰਵਾ ਦਿਓਗੇ, ਮੈਂ ਉਸ ਦਿਨ ਟਿਕ ਜਾਵਾਂਗਾ, ਨਹੀਂ ਤਾਂ ਓਨਾ ਚਿਰ ਆਪਣੀ ਇਕ ਕਲਮ ਨਾਲ ਤੁਹਾਡੀ ਸਾਰਿਆਂ ਦੀ ਨੀਂਦ ਉਡਾ ਕੇ ਰੱਖਾਂਗਾ। ਮੈਂ ਪੰਜਾਬ ਦਾ ਦਿੱਤਾ ਖਾਂਦਾ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਭ ਪਤਾ ਹੈ।