ਐੱਸ.ਵਾਈ.ਐੱਲ. ਗੀਤ ਨੂੰ ਹਟਾਉਣ ਤੋਂ ਬਾਅਦ ਯੂ-ਟਿਊਬ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਇਕ ਹੋਰ ਗਾਣਾ ਹਟਾ ਦਿੱਤਾ ਹੈ। ਐੱਸ.ਵਾਈ.ਐੱਲ. ਗਾਣਾ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਰਿਲੀਜ਼ ਹੋਇਆ ਸੀ ਜਦਕਿ ਹੁਣ ਹਟਾਇਆ ਗਾਣਾ ਕਾਫੀ ਪਹਿਲਾਂ ਰਿਲੀਜ਼ ਹੋਇਆ ਸੀ। ਇਹ ਗਾਣਾ ਮੂਸੇਵਾਲਾ ਤੇ ਗਾਇਕ ਬੋਹੇਮੀਆ ਵੱਲੋਂ ‘ਸੇਮ ਬੀਫ’ ਟਾਈਟਲ ਹੇਠ ਰਿਲੀਜ਼ ਹੋਇਆ ਸੀ। ਇਨ੍ਹਾਂ ਦੋਵਾਂ ਵੱਲੋਂ ਗਾਏ ਗਾਣੇ ‘ਸੇਮ ਬੀਫ’ ਨੂੰ ਯੂ-ਟਿਊਬ ਤੋਂ ਹਟਾਇਆ ਗਿਆ ਹੈ। ਇਸ ਗਾਣੇ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਪਿਆਰ ਦਿੱਤਾ ਗਿਆ ਸੀ ਪਰ ਹੁਣ ਸਰਚ ਕਰਨ ‘ਤੇ ‘ਸੇਮ ਬੀਫ’ ਗਾਣੇ ਦੀ ਵੀਡੀਓ ਦਿਖਾਈ ਨਹੀਂ ਦਿੰਦੀ। ਇਨ੍ਹਾਂ ਦੋਵਾਂ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਸ਼ਾਨਦਾਰ ਗਾਣੇ ਦਿੱਤੇ ਹਨ। ਇਸ ਗੀਤ ਦੀ ਵੀਡੀਓ ਨੂੰ ਜੇ. ਹਿੰਦ ਵੱਲੋਂ ਕਾਪੀਰਾਈਟ ਦਾਅਵੇ ਕਾਰਨ ਯੂ-ਟਿਊਬ ਤੋਂ ਹਟਾਇਆ ਗਿਆ ਹੈ। ਉਂਝ ਜੇ. ਹਿੰਦ ਬੋਹੇਮੀਆ ਦਾ ਨੇੜਲੇ ਦੋਸਤ ‘ਚੋਂ ਹੈ ਅਤੇ ਇਨ੍ਹਾਂ ਨੇ ਮਿਲ ਕੇ ਕੁਝ ਸ਼ਾਨਦਾਰ ਪ੍ਰੋਜੈਕਟਾਂ ‘ਤੇ ਕੰਮ ਕੀਤਾ ਪਰ ਜੇ. ਹਿੰਦ ਨੇ ਬੋਹੇਮੀਆ ਅਤੇ ਸਿੱਧੂ ਮੂਸੇਵਾਲਾ ਦੇ ਗੀਤ ‘ਸੇਮ ਬੀਫ’ ਉੱਤੇ ਕਾਪੀਰਾਈਟ ਦਾ ਦਾਅਵਾ ਕਿਉਂ ਠੋਕਿਆ ਹੈ, ਇਸ ਦਾ ਕਾਰਨ ਪਤਾ ਨਹੀਂ ਲੱਗਾ ਹੈ। ਇਹ ਗਾਣਾ ਯਸ਼ਰਾਜ ਮਿਊਜ਼ਿਕ ਦੇ ਅਧਿਕਾਰਤ ਯੂ-ਟਿਊਬ ‘ਤੇ ਸੀ ਪਰ ਹੁਣ ਇਹ ਸਿਰਫ ਐੱਮ.ਪੀ3 ਵਰਜ਼ਨ ‘ਚ ਇਕ ਨਿੱਜੀ ਯੂ-ਟਿਊਬ ਚੈਨਲ ‘ਤੇ ਮੁਹੱਈਆ ਹੈ।