ਸੈਂਟਰਲ ਜੇਲ੍ਹ ਗੋਇੰਦਵਾਲ ਸਾਹਿਬ ‘ਚ ਅੱਜ ਐਤਵਾਰ ਨੂੰ ਗੈਂਗਵਾਰ ਦੀ ਘਟਨਾ ਸਾਹਮਣੇ ਆਈ ਅਤੇ ਇਸ ਖੂਨੀ ਝੜਪ ‘ਚ ਦੋ ਹਵਾਲਾਤੀਆਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖਮੀ ਹੋਏ ਹਨ। ਮਰਨ ਵਾਲੇ ਦੋਵੇਂ ਹਵਾਲਾਤੀ ਉੱਘੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਨਾਲ ਜੁੜੇ ਹੋਏ ਸਨ ਅਤੇ ਇਸੇ ਮਾਮਲੇ ‘ਚ ਜੇਲ੍ਹ ‘ਚ ਬੰਦ ਸਨ। ਇਨ੍ਹਾਂ ਦੀ ਪਛਾਣ ਗੈਂਗਸਟਰ ਮਨਦੀਪ ਸਿੰਘ ਤੂਫਾਨ ਅਤੇ ਮਨਮੋਹਨ ਸਿੰਘ ਮੋਹਨਾ ਵਜੋਂ ਹੋਈ ਹੈ। ਇਕ ਜ਼ਖਮੀ ਹੋਏ ਗੈਂਗਸਟਰਾਂ ‘ਚ ਕੇਸ਼ਵ ਨਾਂ ਦਾ ਨੌਜਵਾਨ ਸ਼ਾਮਲ ਦੱਸਿਆ ਜਾਂਦਾ ਹੈ। ਗੈਂਗਸਟਰ ਮਨਦੀਪ ਤੂਫਾਨ ਅਤੇ ਮਨਮੋਹਨ ਮੋਹਨਾ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਖਾਸ ਦੱਸੇ ਜਾ ਰਹੇ ਹਨ ਅਤੇ ਇਹ ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਵੀ ਸ਼ਾਮਲ ਸਨ। ਇਸ ਦੀ ਜਾਣਕਾਰੀ ਗੋਇੰਦਵਾਲ ਸਾਹਿਬ ਦੇ ਸੁਪਰਡੈਂਟ ਇਕਬਾਲ ਸਿੰਘ ਬਰਾੜ ਵੱਲੋਂ ਦਿੱਤੀ ਗਈ ਹੈ। ਇਕ ਹੋਰ ਜਾਣਕਾਰੀ ਮੁਤਾਬਕ ਖੂਨੀ ਝੜਪ ‘ਚ 5 ਹਵਾਲਾਤੀ ਜ਼ਖਮੀ ਹੋਏ ਹਨ ਜਿਨ੍ਹਾਂ ‘ਚੋਂ ਦੋ ਦੀ ਹਾਲਤ ਗੰਭੀਰ ਹੈ। ਸੂਤਰਾ ਮੁਤਾਬਕ ਮੂਸੇਵਾਲਾ ਕਤਲ ਕਾਂਡ ਨਾਲ ਸਬੰਧਤ ਜੇਲ੍ਹ ‘ਚ ਬੰਦ ਕੈਦੀਆਂ ‘ਚ ਪਿਛਲੇ ਕਈ ਦਿਨਾਂ ਤੋਂ ਟਕਰਾਅ ਚੱਲ ਰਿਹਾ ਸੀ। ਇਹ ਟਕਰਾਅ ਅੱਜ ਖੂਨੀ ਝੜਪ ‘ਚ ਤਬਦੀਲ ਹੋ ਗਿਆ ਜਿਸ ਦੇ ਚੱਲਦਿਆ ਇਸ ਖੂਨੀ ਝੜਪ ‘ਚ ਪੰਜ ਹਵਾਲਾਤੀਆ ਦੇ ਜ਼ਖਮੀ ਹੋਣ ਦੇ ਨਾਲ ਦੋ ਹਵਾਲਾਤੀਆਂ ਦੀ ਮੌਤ ਹੋ ਗਈ ਜਦਕਿ ਜ਼ਖਮੀਆ ‘ਚੋਂ ਦੋ ਹਵਾਲਾਤੀ ਗੰਭੀਰ ਦੱਸੇ ਜਾ ਰਹੇ ਹਨ। ਇਨ੍ਹਾਂ ਨੂੰ ਜ਼ਖਮੀ ਹਾਲਤ ‘ਚ ਤਰਨਤਾਰਨ ਦੇ ਹਸਪਤਾਲ ਲਿਜਾਇਆ ਗਿਆ। ਇਸ ਝੜਪ ‘ਚ ਮਾਰਿਆ ਗਿਆ ਮਨਮੋਹਨ ਸਿੰਘ ਮੋਹਣਾ ਮਾਨਸਾ ਜ਼ਿਲ੍ਹੇ ਦੇ ਪਿੰਡ ਰੱਲੀ ਨਾਲ ਸਬੰਧਤ ਸੀ।