ਅਜਿਹੀ ਖ਼ਬਰਾਂ ਆ ਰਹੀਆਂ ਹਨ ਫਰਾਰ ਗੈਂਗਸਟਰ ਦੀਪਕ ਟੀਨੂ ਵਿਦੇਸ਼ ਭੱਜਣ ‘ਚ ਸਫ਼ਲ ਹੋ ਗਿਆ ਹੈ। ਇਹ ਚਰਚਾ ਉਸਦੀ ਪ੍ਰੇਮਿਕਾ ਦੇ ਮੁੰਬਈ ‘ਚ ਗ੍ਰਿਫ਼ਤਾਰ ਹੋਣ ਮਗਰੋਂ ਸ਼ੁਰੂ ਹੋਈ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ‘ਚ ਸ਼ਾਮਲ ਗੈਂਗਸਟਰ ਦੀਪਕ ਟੀਨੂ ਦੀ ਪ੍ਰੇਮਿਕਾ ਨੂੰ ਪੁਲੀਸ ਨੇ ਮੁੰਬਈ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ। ਉਸ ਨੂੰ ਮਾਨਸਾ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਸ ਨੂੰ 14 ਅਕਤੂਬਰ ਤਕ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ। ਪੁਲੀਸ ਵੱਲੋਂ ਕਾਬੂ ਕੀਤੀ ਉਕਤ ਲੜਕੀ ਦਾ ਨਾਂ ਜਸਪ੍ਰੀਤ ਕੌਰ ਉਰਫ਼ ਜੋਤੀ ਹੈ ਜੋ ਲੁਧਿਆਣਾ ਜ਼ਿਲ੍ਹੇ ਦੇ ਇਕ ਪਿੰਡ ਦੀ ਰਹਿਣ ਵਾਲੀ ਹੈ। ਦੱਸਿਆ ਜਾ ਰਿਹਾ ਹੈ ਕਿ ਦੀਪਕ ਟੀਨੂ ਨੂੰ ਮਾਨਸਾ ਤੋਂ ਭਜਾਉਣ ‘ਚ ਜੋਤੀ ਨੇ ਅਹਿਮ ਭੂਮਿਕਾ ਨਿਭਾਈ। ਤਕਰੀਬਨ ਇਕ ਹਫ਼ਤਾ ਪਹਿਲਾਂ ਗੈਂਗਸਟਰ ਦੀਪਕ ਟੀਨੂ ਮਾਨਸਾ ਪੁਲੀਸ ਦੀ ਗ੍ਰਿਫ਼ਤ ‘ਚੋਂ ਫਰਾਰ ਹੋ ਗਿਆ ਸੀ, ਜਿਸ ਦਾ ਅਜੇ ਤਕ ਕੋਈ ਪਤਾ ਨਹੀਂ ਲੱਗ ਸਕਿਆ। ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਟਵੀਟ ਕੀਤਾ ਕਿ ਗੈਂਗਸਟਰ ਦੀਪਕ ਟੀਨੂ ਨੂੰ ਪੁਲੀਸ ਹਿਰਾਸਤ ‘ਚੋਂ ਭਜਾਉਣ ਵਾਲੀ ਉਸ ਦੀ ਪ੍ਰੇਮਿਕਾ ਨੂੰ ਗੁਪਤ ਸੂਚਨਾ ‘ਤੇ ਮੁੰਬਈ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹ ਮਾਲਦੀਵ ਭੱਜਣ ਦੀ ਤਿਆਰੀ ਕਰ ਰਹੀ ਸੀ ਪਰ ਪੰਜਾਬ ਪੁਲੀਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਟੀਮ ਨੇ ਮੁੰਬਈ ਏਅਰਪੋਰਟ ਤੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਜੋਤੀ ਨਾਂ ਦੀ ਇਹ ਲੜਕੀ ਪਿਛਲੇ ਕਾਫੀ ਸਮੇਂ ਤੋਂ ਆਪਣੇ ਘਰ ਨਹੀਂ ਆਈ ਅਤੇ ਬਾਹਰ ਹੀ ਰਹਿੰਦੀ ਸੀ। ਜ਼ਿਕਰਯੋਗ ਹੈ ਕਿ ਗੈਂਗਸਟਰ ਟੀਨੂ ਮਾਨਸਾ ਸੀ.ਆਈ.ਏ. ਦੇ ਇੰਚਾਰਜ ਪ੍ਰਿਤਪਾਲ ਸਿੰਘ ਦੀ ਗ੍ਰਿਫ਼ਤ ‘ਚੋਂ ਫਰਾਰ ਹੋ ਗਿਆ ਸੀ ਤੇ ਹੁਣ 9 ਦਿਨਾਂ ਬਾਅਦ ਉਸ ਦੀ ਪ੍ਰੇਮਿਕਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਦੀਪਕ ਟੀਨੂ ਖ਼ਿਲਾਫ ਲੁੱਕਆਊਟ ਨੋਟਿਸ ਵੀ ਜਾਰੀ ਕੀਤਾ ਹੋਇਆ ਹੈ ਪਰ ਹੁਣ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਦੀਪਕ ਟੀਨੂ ਵਿਦੇਸ਼ ਦੌੜਨ ‘ਚ ਸਫ਼ਲ ਹੋ ਗਿਆ ਹੈ।