ਪੰਜਾਬ ਪੁਲੀਸ ਦੇ ਮੁਖੀ ਗੌਰਵ ਯਾਦਵ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪਹਿਲੀ ਇੰਟਰਵਿਊ ਤੋਂ ਬਾਅਦ ਬੀਤੇ ਕੱਲ੍ਹ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੇ ਸਪੱਸ਼ਟੀਕਰਨ ਦੀਆਂ ਧੱਜੀਆਂ ਉਡਾਉਂਦੇ ਹੋਏ ਉਸੇ ਚੈਨਲ ‘ਤੇ ਉਕਤ ਗੈਂਗਸਟਰ ਦੀ ਤਾਜ਼ਾ ਇੰਟਰਵਿਊ ਪ੍ਰਸਾਰਤ ਹੋ ਗਈ ਹੈ। ਇਸ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ‘ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਵਾਰ ਲਾਰੈਂਸ ਦੀ ਲੁੱਕ ਬਦਲੀ ਹੋਈ ਲੱਗ ਰਹੀ ਹੈ। ਇੰਟਰਵਿਊ ‘ਚ ਲਾਰੈਂਸ ਕਹਿ ਰਿਹਾ ਹੈ ਕਿ ਜਿਸ ਦਿਨ ਉਹ ਅਭਿਨੇਤਾ ਸਲਮਾਨ ਖਾਨ ਨੂੰ ਮਾਰੇਗਾ, ਉਸੇ ਦਿਨ ਗੁੰਡਾ ਅਖਵਾਏਗਾ। ਪੰਜਾਬ ਪੁਲੀਸ ਦੇ ਡੀ.ਜੀ.ਪੀ. ਗੌਰਵ ਯਾਦਵ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਪੰਜਾਬ ਦੀ ਕਿਸੇ ਜੇਲ੍ਹ ਤੋਂ ਨਹੀਂ ਹੋਇਆ। ਉਨ੍ਹਾਂ ਕਿਹਾ ਸੀ ਕਿ ਇਸ ਦੇ ਪੁਖਤਾ ਤੱਥ ਹਨ ਕਿਉਂਕਿ ਲਾਰੈਂਸ ਨੂੰ 8 ਮਾਰਚ ਨੂੰ ਰਾਜਸਥਾਨ ਪੁਲੀਸ ਨੇ ਪੰਜਾਬ ਦੇ ਹਵਾਲੇ ਕੀਤਾ ਸੀ, ਜਿਸ ਸਮੇਂ ਉਸ ਦੇ ਛੋਟੇ-ਛੋਟੇ ਵਾਲ ਸਨ ਅਤੇ ਦਾੜ੍ਹੀ ਵੀ ਨਾਮਾਤਰ ਹੀ ਸੀ, ਜਦਕਿ ਇੰਟਰਵਿਊ ‘ਚ ਉਸ ਦੇ ਵੱਡੇ-ਵੱਡੇ ਵਾਲ ਅਤੇ ਵੱਡੀ ਦਾੜ੍ਹੀ ਵਿਖਾਈ ਗਈ ਸੀ। ਸ਼ੁੱਕਰਵਾਰ ਨੂੰ ਚੈਨਲ ‘ਤੇ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਦਾ ਦੂਜਾ ਭਾਗ ਜਾਰੀ ਕੀਤਾ ਗਿਆ ਜਿਸ ‘ਚ ਉਸ ਦੇ ਵਾਲ ਵੀ ਛੋਟੇ ਹਨ ਅਤੇ ਦਾੜ੍ਹੀ ਵੀ ਨਾਮਾਤਰ ਹੀ ਹੈ। ਤਾਜ਼ਾ ਇੰਟਰਵਿਊ ‘ਚ ਲਾਰੈਂਸ ਬਿਸ਼ਨੋਈ ਨੇ ਇਕ ਵਾਰ ਫਿਰ ਤੋਂ ਬਾਲੀਵੁੱਡ ਐਕਟਰ ਸਲਮਾਨ ਖਾਨ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਹ ਪਿਛਲੇ 4-5 ਸਾਲ ਤੋਂ ਸਲਮਾਨ ਖਾਨ ਨੂੰ ਮਾਰਨ ਦੀ ਕੋਸ਼ਿਸ਼ ‘ਚ ਹੈ ਪਰ ਸਫ਼ਲ ਨਹੀਂ ਹੋ ਸਕਿਆ। ਉਸ ਨੇ ਕਿਹਾ ਕਿ ਬਸ ਇਕ ਵਾਰ ਉਸ ਨਾਲ ਲੱਗੀ ਹੋਈ ਪੁਲੀਸ ਸੁਰੱਖਿਆ ਨੂੰ ਹਟਵਾ ਦਿੱਤਾ ਜਾਵੇ ਤਾਂ ਉਹ ਆਪਣਾ ਕੰਮ ਕਰ ਦੇਣਗੇ। ਬਿਸ਼ਨੋਈ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਨਾਲ ਵੀ ਜਦੋਂ ਤੱਕ ਪੁਲੀਸ ਟੀਮ ਰਹੀ, ਉਨ੍ਹਾਂ ਨੇ ਹਮਲਾ ਨਹੀਂ ਕੀਤਾ ਕਿਉਂਕਿ ਉਹ ਪੁਲੀਸ ਨਾਲ ਸਿੱਧਾ ਪੰਗਾ ਨਹੀਂ ਚਾਹੁੰਦੇ ਪਰ ਜਿਉਂ ਹੀ ਉਸ ਦੀ ਸੁਰੱਖਿਆ ਹਟਣ ਦਾ ਪਤਾ ਲੱਗਾ ਤਾਂ ਹਮਲਾ ਕਰ ਦਿੱਤਾ ਗਿਆ। ਉਸ ਨੇ ਕਿਹਾ ਕਿ ਸਲਮਾਨ ਖਾਨ ਜੇਕਰ ਆਪਣੇ ਕੀਤੇ ਲਈ ਸਮਾਜ ਦੇ ਮੰਦਰ ‘ਚ ਜਾ ਕੇ ਮੁਆਫ਼ੀ ਮੰਗ ਲੈਂਦੇ ਹਨ ਤਾਂ ਉਹ ਖੁਦ ਉਨ੍ਹਾਂ ਦੇ ਪੈਰ ਫੜੇਗਾ ਪਰ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਮੌਕਾ ਮਿਲਦੇ ਹੀ ਮਾਰ ਦੇਣਗੇ। ਗੋਇੰਦਵਾਲ ਸਾਹਿਬ ਜੇਲ੍ਹ ‘ਚ ਗੈਂਗਸਟਰਾਂ ਵਿਚਕਾਰ ਹੋਏ ਝਗੜੇ ਅਤੇ ਦੋ ਦੀ ਮੌਤ ਸਬੰਧੀ ਬੋਲਦੇ ਹੋਏ ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਉਹ ਦੋਵੇਂ ਖੁਦ ਪੰਗੇ ਲੈ ਰਹੇ ਸਨ ਅਤੇ ਮਨਪ੍ਰੀਤ ਭਾਊ ਨਾਲ ਕੁੱਟਮਾਰ ਕੀਤੀ ਗਈ ਸੀ। ਜਿਸ ਦਿਨ ਮਾਰੇ ਗਏ ਉਸ ਦਿਨ ਵੀ ਉਹੀ ਆਏ ਸਨ ਕੁੱਟਮਾਰ ਕਰਨ, ਲੜਕਿਆਂ ਨੇ ਗੋਲਡੀ ਬਰਾੜ ਨਾਲ ਗੱਲ ਕੀਤੀ ਸੀ ਅਤੇ ਉਸੇ ਨੇ ਜਵਾਬ ਦੇਣ ਨੂੰ ਕਹਿ ਦਿੱਤਾ। ਜੱਗੂ ਭਗਵਾਨਪੁਰੀਆ ਨਾਲ ਹੋਈ ਤਕਰਾਰ ਸਬੰਧੀ ਪੁੱਛੇ ਜਾਣ ‘ਤੇ ਬਿਸ਼ਨੋਈ ਨੇ ਕਿਹਾ ਕਿ ਜੱਗੂ ਨਸ਼ੇ ਦਾ ਕੰਮ ਕਰਦਾ ਹੈ, ਇਸ ਲਈ ਹੁਣ ਬਰਦਾਸ਼ਤ ਨਹੀਂ ਕਰਨਗੇ। ਬਿਸ਼ਨੋਈ ਨੇ ਕਿਹਾ ਕਿ ਜਿਵੇਂ ਕਿ ਗੋਲਡੀ ਬਰਾੜ ਨੇ ਪੋਸਟ ‘ਚ ਕਿਹਾ ਹੈ, ਹੁਣ ਅਸੀਂ ਪੰਜਾਬ ‘ਚ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਨਹੀਂ ਛੱਡਾਂਗੇ। ਬੱਬੂ ਮਾਨ ਅਤੇ ਮਨਕੀਰਤ ਔਲਖ ਨਾਲ ਸਬੰਧਾਂ ਬਾਰੇ ਪੁੱਛੇ ਜਾਣ ‘ਤੇ ਉਸ ਨੇ ਕਿਹਾ ਕਿ ਬੱਬੂ ਮਾਨ ਨੂੰ ਉਹ ਨਹੀਂ ਜਾਣਦਾ ਪਰ ਮਨਕੀਰਤ ਨੂੰ ਯੂਨੀਵਰਸਿਟੀ ‘ਚ ਮਿਲਿਆ ਸੀ। ਉਦੋਂ ਉਹ ਦੋਵੇਂ ਵਿਦਿਆਰਥੀ ਸਨ ਅਤੇ ਵਿੱਕੀ ਮਿੱਡੂਖੇੜਾ ਦੇ ਜ਼ਰੀਏ ਹੀ ਮਿਲੇ ਸਨ ਪਰ ਯੂਨੀਵਰਸਿਟੀ ਤੋਂ ਬਾਅਦ ਨਹੀਂ ਮਿਲੇ।