ਪੰਜਾਬ ਦੀਆਂ ਜੇਲ੍ਹਾਂ ‘ਚ ਬੰਦ ਅਤੇ ਬਾਹਰ ਘੁੰਮ ਰਹੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਮੰਗ ਨੂੰ ਬਲਕੌਰ ਸਿੰਘ ਸਿੱਧੂ ਨੇ ਦੁਹਰਾਇਆ ਹੈ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹਵੇਲੀ ਵਿਖੇ ਇਕੱਤਰ ਹੋਏ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਪਿਤਾ ਬਲਕੌਰ ਸਿੰਘ ਅਤੇ ਮਾਂ ਚਰਨ ਕੌਰ ਨੇ ਮੁੜ ਇਨਸਾਫ਼ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਗੈਂਗਸਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਗੈਂਗਸਟਰਾਂ ਨੂੰ ਵੀ.ਆਈ.ਪੀ. ਸੁਰੱਖਿਆ ਦੇ ਰਹੀ ਹੈ ਉਥੇ ਯੂ.ਪੀ. ਦੀ ਸਰਕਾਰ ਵਲੋਂ ਅਪਰਾਧੀ ਅਨਸਰਾਂ ਖ਼ਿਲਾਫ਼ ਸਖਤ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਜ਼ੋਰ ਦੇ ਕਿਹਾ ਕਿ ਉਹ ਮਰਹੂਮ ਸਿੱਧੂ ਮੂਸੇਵਾਲਾ ਲਈ ਇਨਸਾਫ਼ ਦੀ ਲੜਾਈ ਲੜਦੇ ਰਹਿਣਗੇ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਲਾਰੈਂਸ ਬਿਸ਼ਨੋਈ ਦੀ ਜੇਲ੍ਹ ‘ਚੋਂ ਹੋਈ ਇੰਟਰਵਿਊ ਦੇ ਮਾਮਲੇ ‘ਚ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਜਦੋਂਕਿ ਪੰਜਾਬ ਦੇ ਨੌਜਵਾਨਾਂ ‘ਤੇ ਐੱਨ.ਐੱਸ.ਏ. ਵਰਗੇ ਕਾਨੂੰਨ ਲਾ ਕੇ ਅਸਾਮ ਦੀਆਂ ਜੇਲ੍ਹਾਂ ‘ਚ ਭੇਜਿਆ ਜਾ ਰਿਹਾ ਹੈ। ਪਿੰਡ ਮੂਸਾ ‘ਚ ਪੰਜਾਬੀ ਗਾਇਕ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ‘ਚ ਜਿਹੜੇ ਗੈਂਗਸਟਰਾਂ ਨੇ ਸਿੱਧੂ ਮੂਸੇਵਾਲਾ ਸਮੇਤ ਹੋਰਨਾਂ ਨੂੰ ਫ਼ਿਰੌਤੀਆਂ ਲਈ ਮਾਰ ਮੁਕਾਇਆ ਹੈ, ਉਨ੍ਹਾਂ ਨੂੰ ਅਸਾਮ ਦੀਆਂ ਜੇਲ੍ਹਾਂ ‘ਚ ਭੇਜਣ ਦੀ ਲੋੜ ਸੀ ਜਦੋਂਕਿ ਬੇਗੁਨਾਹਾਂ ਨੂੰ ਅਸਾਮ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਰੋਧੀਆਂ ਅਤੇ ਗੈਂਗਸਟਰਾਂ ਵੱਲੋਂ ਵੱਡੇ-ਵੱਡੇ ਵਕੀਲ ਖੜ੍ਹੇ ਕਰਕੇ ਤੇ ਕੁਝ ਚੁਣੇ ਹੋਏ ਨੁਮਾਇੰਦਿਆਂ ਵੱਲੋਂ ਮਾਣਹਾਨੀ ਦਾ ਕੇਸ ਕਰਨ ਦੇ ਡਰਾਵੇ ਦਿੱਤੇ ਜਾ ਰਹੇ ਹਨ ਪਰ ਉਹ ਝੁਕਣ ਅਤੇ ਡਰਨ ਵਾਲੇ ਨਹੀਂ ਹਨ ਅਤੇ ਉਹ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੀ ਲੜਾਈ ਆਪ ਲੜਨਗੇ।