ਆਈ.ਪੀ.ਐੱਲ. ਦੇ ਇਕ ਮੈਚ ‘ਚ ਗੁਜਰਾਤ ਨਾਈਟਨਸ ਨੇ ਮੁੰਬਈ ਇੰਡੀਅਨਜ਼ ਨੂੰ 55 ਦੌੜਾਂ ਨਾਲ ਮਾਤ ਦਿੱਤੀ। ਅਭਿਨਵ ਮਨੋਹਰ ਤੇ ਡੇਵਿਡ ਮਿਲਰ ਵਿਚਾਲੇ 35 ਗੇਂਦਾਂ ‘ਚ 71 ਦੌੜਾਂ ਦੀ ਸਾਂਝੇਦਾਰੀ ਦੇ ਦਮ ‘ਤੇ ਵੱਡਾ ਸਕੋਰ ਖੜ੍ਹਾ ਕਰਨ ਤੋਂ ਬਾਅਦ ਅਫਗਾਨੀ ਸਪਿਨਰਾਂ ਨੂਰ ਅਹਿਮਦ ਤੇ ਰਾਸ਼ਿਦ ਖਾਨ ਦੀ ਅਗਵਾਈ ‘ਚ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਨਾਲ ਗੁਜਰਾਤ ਨੂੰ ਇਹ ਸ਼ਾਨਦਾਰ ਜਿੱਤ ਨਸੀਬ ਹੋਈ। ਦੌੜਾਂ ਦੇ ਲਿਹਾਜ ਨਾਲ ਮੁੰਬਈ ਦੀ ਪਿਛਲੇ 7 ਸਾਲਾਂ ‘ਚ ਇਹ ਸਭ ਤੋਂ ਵੱਡੀ ਹਾਰ ਹੈ। ਮੈਨ ਆਫ ਦਿ ਮੈਚ ਮਨੋਹਰ ਨੇ 21 ਗੇਂਦਾਂ ‘ਚ 42 ਦੌੜਾਂ ਦੀ ਪਾਰੀ ‘ਚ 3 ਚੌਕੇ ਤੇ 3 ਛੱਕਾ ਲਗਾਏ ਜਦਕਿ ਮਿਲਰ ਨੇ 22 ਗੇਂਦਾਂ ‘ਚ 2 ਚੌਕੇ ਤੇ 4 ਛੱਕਿਆਂ ਦੀ ਮਦਦ ਨਾਲ 46 ਦੌੜਾਂ ਬਣਾਈਆਂ। ਆਖਰੀ ਓਵਰਾਂ ‘ਚ ਰਾਹੁਲ ਤੇਵਤੀਆ ਨੇ 5 ਗੇਂਦਾਂ ‘ਚ 3 ਛੱਕਿਆਂ ਦੀ ਮਦਦ ਨਾਲ ਅਜੇਤੂ 20 ਦੌੜਾਂ ਦਾ ਯੋਗਦਾਨ ਦਿੱਤਾ। ਗੁਜਰਾਤ ਲਈ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਵੀ 34 ਗੇਂਦਾਂ ‘ਚ 56 ਦੌੜਾਂ ਦੀ ਪਾਰੀ ਖੇਡੀ। ਗੁਜਰਾਤ ਨੇ 6 ਵਿਕਟਾਂ ‘ਤੇ 207 ਦੌੜਾਂ ਬਣਾਉਣ ਤੋਂ ਬਾਅਦ ਮੁੰਬਈ ਇੰਡੀਅਨਜ਼ ਨੂੰ 9 ਵਿਕਟਾਂ ‘ਤੇ 152 ਦੌੜਾਂ ‘ਤੇ ਰੋਕ ਦਿੱਤਾ। ਇਸ ਜਿੱਤ ਨਾਲ ਗੁਜਰਾਤ ਦੀ ਟੀਮ 7 ਮੈਚਾਂ ਵਿਚੋਂ 5 ਸਫਲਤਾਵਾਂ ਦੇ ਨਾਲ ਅੰਕ ਸੂਚੀ ਵਿਚ ਚੇਨਈ ਸੁਪਰ ਕਿੰਗਜ਼ ਤੋਂ ਬਾਅਦ ਦੂਜੇ ਸਥਾਨ ‘ਤੇ ਪਹੁੰਚ ਗਈ ਹੈ।