ਇੰਡੀਆ ਦੇ ਚੋਟੀ ਦੇ ਟੈਨਿਸ ਖਿਡਾਰੀ ਰੋਹਨ ਬੋਪੰਨਾ ਨੇ ਗੋਡੇ ਦੀ ਸੋਜ ਕਾਰਨ ਨਾਰਵੇ ਅਤੇ ਇੰਡੀਆ ਵਿਚਾਲੇ ਹੋਣ ਵਾਲੇ ਡੇਵਿਸ ਕੱਪ 2022 ਵਿਸ਼ਵ ਗਰੁੱਪ-1 ਮੁਕਾਬਲੇ ਤੋਂ ਨਾਂ ਵਾਪਸ ਲੈ ਲਿਆ ਹੈ। ਬੋਪੰਨਾ ਨੇ ਟਵੀਟ ਕੀਤਾ, ‘ਦੇਸ਼ ਦੀ ਨੁਮਾਇੰਦਗੀ ਕਰਨ ਦੇ ਆਪਣੇ ਪਿਆਰ ਅਤੇ ਸਮਰਪਣ ਦੇ ਵਿਰੁੱਧ ਜਾ ਕੇ, ਮੈਂ ਇਸ ਹਫਤੇ ਨਾਰਵੇ ਦੇ ਖ਼ਿਲਾਫ਼ ਡੇਵਿਸ ਕੱਪ ਟੀਮ ਤੋਂ ਹਟਣ ਦਾ ਫੈਸਲਾ ਕੀਤਾ ਹੈ। ਮੇਰਾ ਗੋਡਾ ਸੁੱਜ ਗਿਆ ਹੈ ਅਤੇ ਡਾਕਟਰ ਨੇ ਅਗਲੇ ਮੁਕਾਬਲੇ ‘ਚ ਹਿੱਸਾ ਲੈਣ ਤੋਂ ਪਹਿਲਾਂ ਮੈਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ।’ ਆਲ ਇੰਡੀਆ ਟੈਨਿਸ ਸੰਘ ਨੇ ਬੋਪੰਨਾ ਦੀ ਜਗ੍ਹਾ ਟੀਮ ‘ਚ ਕਿਸੇ ਹੋਰ ਖਿਡਾਰੀ ਦਾ ਐਲਾਨ ਨਹੀਂ ਕੀਤਾ ਹੈ। ਬੋਪੰਨਾ ਤੋਂ ਇਲਾਵਾ ਇੰਡੀਆ ਦੇ ਚੋਟੀ ਦੇ ਦਰਜਾ ਪ੍ਰਾਪਤ ਪੁਰਸ਼ ਸਿੰਗਲਜ਼ ਖਿਡਾਰੀ ਰਾਮਕੁਮਾਰ ਰਾਮਨਾਥਨ, ਸੁਮਿਤ ਨਾਗਲ, ਪ੍ਰਜਨੇਸ਼ ਗੁਣੇਸ਼ਵਰਨ, ਯੂਕੀ ਭਾਂਬਰੀ ਅਤੇ ਮੁਕੁੰਦ ਸ਼ਸੀਕੁਮਾਰ ਟਾਈ ਲਈ ਚੁਣੇ ਗਏ ਹੋਰ ਪੰਜ ਖਿਡਾਰੀ ਸਨ। ਰੋਹਨ ਬੋਪੰਨਾ ਨੇ ਦਿਵਿਜ ਸ਼ਰਨ ਦੇ ਨਾਲ ਮਿਲ ਕੇ ਮਾਰਚ ‘ਚ ਡੈਨਮਾਰਕ ਖ਼ਿਲਾਫ਼ ਪਲੇਆਫ ਮੈਚ ਜਿੱਤ ਕੇ ਇੰਡੀਆ ਨੂੰ ਗਰੁੱਪ-1 ‘ਚ ਵਾਪਸ ਲਿਆਉਣ ‘ਚ ਮਦਦ ਕੀਤੀ ਸੀ। 2017 ਫ੍ਰੈਂਚ ਓਪਨ ਮਿਕਸਡ ਡਬਲਜ਼ ਚੈਂਪੀਅਨ ਬੋਪੰਨਾ ਪਿਛਲੇ ਸਾਲਾਂ ਤੋਂ ਇੰਡੀਆ ਦੇ ਡੇਵਿਸ ਕੱਪ ਸੈੱਟਅੱਪ ਦਾ ਅਹਿਮ ਹਿੱਸਾ ਰਿਹਾ ਹੈ। ਬੋਪੰਨਾ ਨੇ ਇੰਡੀਆ ਲਈ ਡੇਵਿਸ ਕੱਪ ਦੇ 18 ਸੈਸ਼ਨਾਂ ‘ਚ ਹਿੱਸਾ ਲਿਆ ਹੈ। ਉਹ ਸਭ ਤੋਂ ਵੱਧ ਡੇਵਿਸ ਕੱਪ ਸੀਜ਼ਨ ਖੇਡਣ ਵਾਲੇ ਭਾਰਤੀ ਖਿਡਾਰੀਆਂ ਦੀ ਸੂਚੀ ‘ਚ ਸਿਰਫ਼ ਲਇਏਂਡਰ ਪੇਸ (30) ਅਤੇ ਆਨੰਦ ਅਮ੍ਰਿਤਰਾਜ (19) ਤੋਂ ਪਿੱਛੇ ਹੈ।