ਗਾਣਿਆਂ ‘ਚ ਹਥਿਆਰਾਂ ਨੂੰ ਉਤਸ਼ਾਹਤ ਕਰਨ ਵਾਲੇ ਗਾਇਕਾਂ ਖ਼ਿਲਾਫ਼ ਸਖਤ ਹੋਈ ਪੰਜਾਬ ਪੁਲੀਸ ਫੁੱਲ ਐਕਸ਼ਨ ਮੋਡ ‘ਚ ਹੈ। ਪੰਜਾਬ ਸਰਕਾਰ ਨੇ ਵੀ ਗੰਨ ਕਲਚਰ ਖ਼ਿਲਾਫ਼ ਸਖ਼ਤ ਹਦਾਇਤਾਂ ਦਿੱਤੀਆਂ ਹੋਈਆਂ ਹਨ। ਇਸ ਦੇ ਮੱਦੇਨਜ਼ਰ ਕਈ ਲੋਕਾਂ ਖ਼ਿਲਾਫ਼ ਸੋਸ਼ਲ ਮੀਡੀਆ ‘ਤੇ ਹਥਿਆਰਾਂ ਨਾਲ ਫੋਟੋ ਜਾਂ ਵੀਡੀਓ ਪਾਉਣ ਵਾਲਿਆਂ ਖ਼ਿਲਾਫ਼ ਪੁਲੀਸ ਵੱਲੋਂ ਕਾਰਵਾਈ ਵੀ ਕੀਤੀ ਜਾ ਰਹੀ ਹੈ। ਪੰਜਾਬ ਪੁਲੀਸ ਦੇ ਮੁਖੀ ਨੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੀਆਂ ਪੋਸਟਾਂ ਸੋਸ਼ਲ ਮੀਡੀਆ ਤੋਂ ਆਮ ਲੋਕਾਂ ਨੂੰ ਹਟਾਉਣ ਲਈ 72 ਘੰਟੇ ਦਾ ਸਮਾਂ ਦਿੱਤਾ ਹੈ। ਦੂਜੇ ਪਾਸੇ ਹਾਲੇ ਵੀ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗਾਇਕਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਲੜੀ ਤਹਿਤ ਪੰਜਾਬ ਦੇ ਦੋ ਗਾਇਕਾਂ ਦੇ ਖ਼ਿਲਾਫ਼ ਗੰਨ ਕਲਚਰ ਨੂੰ ਪ੍ਰਮੋਟ ਕਰਨ ਲਈ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਪੰਜਾਬੀ ਗਾਇਕ ਕਾਸ਼ੀਨਾਥ ਅਤੇ ਮਨਪ੍ਰੀਤ ਸਿੰਘ ਭਾਉ ਨੇ ਆਪਣੇ ਗੀਤਾਂ ‘ਚ ਹਥਿਆਰਾਂ ਦਾ ਪ੍ਰਚਾਰ ਕੀਤਾ। ਇਸ ਗੀਤ ਦੀ ਸ਼ੂਟਿੰਗ ਬੀਤੀ 21 ਤਾਰੀਖ਼ ਨੂੰ ਮਨਪ੍ਰੀਤ ਸਿੰਘ ਭਾਉ ਦੇ ਕਿਲੇ ਸੈਫਦੀਪੁਰ ‘ਚ ਹੋਈ ਹੈ। ਇਸ ਗੀਤ ‘ਚ ਉਸ ਵੱਲੋਂ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੈ। ਇਸ ਵੀਡੀਓ ਨੂੰ ਵਾਇਰਲ ਕਰਦੇ ਹੋਏ ਪੁਲੀਸ ਨੇ ਵੀ ਪੰਜਾਬੀ ਗਾਇਕਾਂ ‘ਤੇ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਥਾਣਾ ਸਦਰ ਪਟਿਆਲਾ ‘ਚ ਆਈ.ਪੀ.ਸੀ. ਦੀ ਧਾਰਾ 153/188 ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮਿਲੀ ਹੈ ਕਿ ਪੁਲੀਸ ਨੇ ਗਾਇਕ ਮਨਪ੍ਰੀਤ ਭਾਉ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।