ਛੇ ਮਹੀਨੇ ਪਹਿਲਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਨੂੰ ਅਮਰੀਕਾ ‘ਚ ਐੱਫ.ਬੀ.ਆਈ. ਵੱਲੋਂ ਹਿਰਾਸਤ ‘ਚ ਲਏ ਜਾਣ ਤੋਂ ਬਾਅਦ ਹੁਣ ਭਾਰਤੀ ਏਜੰਸੀਆਂ ਦੀ ਨਜ਼ਰ ਕੈਨੇਡਾ ‘ਚ ਬੈਠੇ ਹੋਰ ਗੈਂਗਸਟਰਾਂ ਵੱਲ ਹੈ। ਕੈਲੀਫੋਰਨੀਆ ਪੁਲੀਸ ਵੱਲੋਂ ਗੈਂਗਸਟਰ ਗੋਲਡੀ ਬਰਾੜ ਨੂੰ ਹਿਰਾਸਤ ‘ਚ ਲਏ ਜਾਣ ਤੋਂ ਬਾਅਦ ਭਾਰਤੀ ਏਜੰਸੀਆਂ ਸਰਗਰਮ ਹੋ ਗਈਆਂ ਹਨ। ਸੁਰੱਖਿਆ ਮਾਮਲਿਆਂ ਨਾਲ ਸਬੰਧਤ ਅਧਿਕਾਰੀਆਂ ਦਾ ਮੰਨਣਾ ਹੈ ਕਿ ਪੰਜਾਬ ਪੁਲੀਸ ਤੇ ਕੇਂਦਰੀ ਏਜੰਸੀਆਂ ਕੈਨੇਡਾ ‘ਚ ਬੈਠੇ ਕਈ ਹੋਰ ਗੈਂਗਸਟਰਾਂ ਜਿਵੇਂ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ, ਲਖਬੀਰ ਸਿੰਘ ਉਰਫ ਲੰਡਾ, ਰਮਨਦੀਪ ਸਿੰਘ ਉਰਫ ਰਮਨ ਜੱਜ, ਗੁਰਪਿੰਦਰ ਸਿੰਘ ਉਰਫ ਬਾਬਾ ਡੱਲਾ ਤੇ ਸੁਖਦੁਲ ਸਿੰਘ ਉਰਫ ਸੁੱਖਾ ਦੂਨੇਕੇ ‘ਤੇ ਨਜ਼ਰ ਰੱਖ ਰਹੀਆਂ ਹਨ। ਪੰਜਾਬ ਪੁਲੀਸ ਸਮੇਤ ਕਈ ਕੇਂਦਰੀ ਏਜੰਸੀਆਂ ਉਨ੍ਹਾਂ ਦੀ ਭਾਲ ਕਰ ਰਹੀਆਂ ਹਨ। ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਤੋਂ ਬਾਅਦ ਭਾਰਤੀ ਜਾਂਚ ਏਜੰਸੀ ਐੱਨ.ਆਈ.ਏ. ਇਸ ਮਾਮਲੇ ‘ਚ ਹੋਰ ਜਾਣਕਾਰੀ ਲੈਣ ਲਈ ਅਮਰੀਕਨ ਅਧਿਕਾਰੀਆਂ ਨਾਲ ਸੰਪਰਕ ਕਰੇਗੀ। ਗੋਲਡੀ ਬਰਾੜ ਦੀ ਹਵਾਲਗੀ ਨੂੰ ਲੈ ਕੇ ਹੁਣ ਸੁਰੱਖਿਆ ਏਜੰਸੀਆਂ ਨੇ ਵਿਦੇਸ਼ ਮੰਤਰਾਲਾ ਰਾਹੀਂ ਯਤਨ ਸ਼ੁਰੂ ਕਰ ਦਿੱਤੇ ਹਨ। ਸੁਰੱਖਿਆ ਅਧਿਕਾਰੀਆਂ ਦਾ ਮੰਨਣਾ ਹੈ ਕਿ ਵਿਦੇਸ਼ਾਂ ‘ਚ ਬੈਠੇ ਗੈਂਗਸਟਰਾਂ ਨੂੰ ਵਾਪਸ ਲਿਆ ਕੇ ਪੁੱਛਗਿੱਛ ਕਰਨ ਨਾਲ ਵੱਡੀ ਸਾਜ਼ਿਸ਼ ਦਾ ਪਰਦਾਫਾਸ਼ ਹੋਵੇਗਾ ਕਿਉਂਕਿ ਕਾਂਟ੍ਰੈਕਟ ਕਿਲਿੰਗ ਅਤੇ ਪਾਕਿਸਤਾਨ ਤੋਂ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਦੇ ਮਾਮਲਿਆਂ ਦਾ ਵੀ ਪਰਦਾਫਾਸ਼ ਕਰਨ ਦੀ ਲੋੜ ਹੈ। ਚਿੰਤਾ ਦੀ ਗੱਲ ਹੈ ਕਿ ਇਨ੍ਹਾਂ ਗੈਂਗਸਟਰਾਂ ਕੋਲ ਏ.ਕੇ-47 ਰਾਈਫਲਾਂ ਤੇ ਗ੍ਰੇਨੇਡ ਵਰਗੇ ਅਤਿ-ਆਧੁਨਿਕ ਖਤਰਨਾਕ ਆਟੋਮੈਟਿਕ ਹਥਿਆਰ ਹਨ। ਦੂਜੇ ਪਾਸੇ ਮੁਕਤਸਰ ‘ਚ ਗੈਂਗਸਟਰ ਗੋਲਡੀ ਬਰਾੜ ਦੀ ਰਿਹਾਇਸ਼ ਦੇ ਆਲੇ-ਦੁਆਲੇ ਸੰਨਾਟਾ ਛਾਇਆ ਹੋਇਆ ਹੈ। ਗੋਲਡੀ ਦਾ ਅਸਲ ਨਾਮ ਸਤਿੰਦਰਜੀਤ ਸਿੰਘ ਹੈ ਤੇ ਉਸ ਦਾ ਪਰਿਵਾਰ ਮੁਕਤਸਰ ‘ਚ ਕੋਟਕਪੂਰਾ-ਮੁਕਤਸਰ ਰੋਡ ‘ਤੇ ਆਦੇਸ਼ ਨਗਰ ‘ਚ ਰਹਿੰਦਾ ਹੈ। ਉਸ ਦੇ ਪਿਤਾ ਸ਼ਮਸ਼ੇਰ ਸਿੰਘ ਪੰਜਾਬ ਪੁਲੀਸ ‘ਚ ਏ.ਐੱਸ.ਆਈ. ਸਨ, ਜਿਨ੍ਹਾਂ ਨੂੰ ਗੋਲਡੀ ਦੇ ਗੈਂਗਸਟਰ ਬਣਨ ਮਗਰੋਂ 2021 ‘ਚ ਜਬਰੀ ਸੇਵਾਮੁਕਤ ਕਰ ਦਿੱਤਾ ਗਿਆ ਸੀ। 9 ਮਾਰਚ 2021 ਨੂੰ ਕੋਟਕਪੂਰਾ ਪੁਲੀਸ ਨੇ ਸ਼ਮਸ਼ੇਰ ਸਿੰਘ ਖ਼ਿਲਾਫ਼ ਵੀ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਗੋਲਡੀ ਬਰਾੜ ਖ਼ਿਲਾਫ਼ ਪਹਿਲਾ ਮਾਮਲਾ ਫਿਰੋਜ਼ਪੁਰ ਜ਼ਿਲ੍ਹੇ ‘ਚ 2012 ਵਿੱਚ ਦੋ ਧੜਿਆਂ ‘ਚ ਹੋਈ ਗੋਲੀਬਾਰੀ ਤੋਂ ਬਾਅਦ ਦਰਜ ਕੀਤਾ ਗਿਆ ਸੀ। ਹਾਲਾਂਕਿ ਇਸ ਮਾਮਲੇ ‘ਚ ਉਸ ਨੂੰ ਬਰੀ ਕਰ ਦਿੱਤਾ ਗਿਆ ਸੀ। ਫਿਰ 2015 ‘ਚ ਉਸ ਖ਼ਿਲਾਫ਼ ਮੁਕਤਸਰ ‘ਚ ਕਤਲ ਦਾ ਮੁਕੱਦਮਾ ਦਰਜ ਹੋਇਆ ਪਰ ਅਦਾਲਤ ‘ਚ ਸਬੂਤਾਂ ਦੀ ਘਾਟ ਕਾਰਨ ਉਹ ਬਰੀ ਹੋ ਗਿਆ। ਫਿਰ ਉਹ ਪੜ੍ਹਨ ਲਈ ਚੰਡੀਗੜ੍ਹ ਆ ਗਿਆ, ਜਿਥੇ ਉਹ ਬੀ.ਏ. ਦੀ ਪੜ੍ਹਾਈ ਦੌਰਾਨ ਲਾਰੈਂਸ ਬਿਸ਼ਨੋਈ ਦੇ ਸੰਪਰਕ ‘ਚ ਆਇਆ। ਗੋਲਡੀ ਦੇ ਚਚੇਰੇ ਭਰਾ ਗੁਰਲਾਲ ਬਰਾੜ ਨੇ ਲਾਰੈਂਸ ਦੀ ਹੱਲਾਸ਼ੇਰੀ ‘ਤੇ ‘ਸਟੂਡੈਂਟਸ ਆਰਗੇਨਾਈਜੇਸ਼ਨ ਆਫ ਪੰਜਾਬ ਯੂਨੀਵਰਸਿਟੀ’ ਬਣਾਈ ਸੀ। ਫਿਰ ਉਹ ਬੀ.ਏ. ਦੀ ਪੜ੍ਹਾਈ ਵਿਚਾਲੇ ਛੱਡ ਕੇ ਸਾਲ 2017 ‘ਚ ਸਟੱਡੀ ਵੀਜ਼ੇ ‘ਤੇ ਕੈਨੇਡਾ ਚਲਾ ਗਿਆ। ਅਕਤੂਬਰ 2020 ‘ਚ ਗੁਰਲਾਲ ਬਰਾੜ ਦਾ ਕਤਲ ਹੋ ਗਿਆ। ਗੋਲਡੀ ਨੇ ਲਾਰੈਂਸ ਬਿਸ਼ਨੋਈ ਨਾਲ ਮਿਲ ਕੇ ਆਪਣੇ ਭਰਾ ਦੇ ਕਾਤਲ ਫ਼ਰੀਦਕੋਟ ਯੂਥ ਕਾਂਗਰਸ ਦੇ ਪ੍ਰਧਾਨ ਗੁਰਲਾਲ ਸਿੰਘ ਭੁੱਲਰ ਉਰਫ਼ ਪਹਿਲਵਾਨ ਦਾ ਕਤਲ ਕਰਵਾ ਵੀ ਕਰਵਾਇਆ। ਕੈਨੇਡਾ ‘ਚ ਉਹ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਰਿਹਾ ਹੈ। ਇਸ ਮਗਰੋਂ ਉਹ ਅਪਰਾਧ ਦੀ ਦੁਨੀਆਂ ‘ਚ ਅੱਗੇ ਵਧਦਾ ਗਿਆ ਤੇ ਲਾਰੈਂਸ ਬਿਸ਼ਨੋਈ ਨਾਲ ਉਸ ਦਾ ਰਿਸ਼ਤਾ ਹੋਰ ਗੂੜਾ ਹੋ ਗਿਆ। ਉਹ ਸਿੱਧੂ ਮੂਸੇਵਾਲਾ, ਗੁਰਲਾਲ ਸਿੰਘ ਭੁੱਲਰ ਉਰਫ਼ ਪਹਿਲਵਾਨ ਅਤੇ ਕੋਟਕਪੂਰਾ ‘ਚ ਡੇਰਾ ਪ੍ਰੇਮੀ ਦੀ ਹੱਤਿਆ ਕਰਨ ਦੇ ਮਾਮਲੇ ‘ਚ ਨਾਮਜ਼ਦ ਮੁਲਜ਼ਮ ਹੈ।