ਇੰਡੀਆ ਦੇ ਗ੍ਰਹਿ ਮੰਤਰਾਲਾ ਵਿਦੇਸ਼ਾਂ ‘ਚ ਬੈਠੇ ਖ਼ਤਰਨਾਕ ਗੈਂਗਸਟਰਾਂ ਦੀ ਸੂਚੀ ਤਿਆਰ ਕੀਤੀ ਹੈ। ਇਕ ਰਿਪੋਰਟ ‘ਚ ਮੰਤਰਾਲਾ ਦੇ ਦਸਤਾਵੇਜਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸੂਚੀ ‘ਚ 28 ਵਾਂਟੇਡ ਗੈਂਗਸਟਰ ਹਨ, ਜਿਨ੍ਹਾਂ ‘ਤੇ ਕਤਲ, ਜਬਰਨ ਵਸੂਲੀ ਦੇ ਮਾਮਲੇ ਦਰਜ ਹਨ। ਗ੍ਰਹਿ ਮੰਤਰਾਲਾ ਦੀ ਸੂਚੀ ਅਨੁਸਾਰ ਗੈਂਗਸਟਰਾਂ ‘ਚ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਟਾਪ ‘ਤੇ ਹੈ। ਬਰਾੜ ਦਾ ਸੰਯੁਕਤ ਰਾਜ ਅਮਰੀਕਾ ‘ਚ ਹੋਣ ਦਾ ਸ਼ੱਕ ਹੈ। ਉਸ ਨੇ ਪੰਜਾਬ ਦੀ ਜੇਲ੍ਹ ‘ਚ ਬੰਦ ਲਾਰੈਂਸ ਬਿਸ਼ਨੋਈ ਦੇ ਨਾਲ ਪਿਛਲੇ ਸਾਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਪਲਾਨ ਤਿਆਰ ਕੀਤਾ ਸੀ। ਉਸ ਦੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਸੰਚਾਲਕ ਲਖਬੀਰ ਸਿੰਘ ਉਰਫ ਲੰਡਾ ਦੇ ਨਾਲ ਸਿੱਧੇ ਸਬੰਧ ਪਾਏ ਗਏ ਹਨ, ਜੋ ਮੁਹਾਲੀ ਅਤੇ ਤਰਨਤਾਰਨ ‘ਚ ਆਰ.ਪੀ.ਜੀ. ਹਮਲਿਆਂ ਦਾ ਮੁਲਜ਼ਮ ਹੈ। ਟਾਰਗੈੱਟ ਕਿਲਿੰਗ ਦਾ ਮੁਲਜ਼ਮ ਅਮਰੀਕਾ ‘ਚ ਸੂਚੀ ‘ਚ ਸ਼ਾਮਲ ਇਕ ਹੋਰ ਗੈਂਗਸਟਰ ਅਨਮੋਲ ਬਿਸ਼ਨੋਈ ਉਰਫ ਸੂਰਜ ਹੈ ਜਿਸ ਨੂੰ ਰਾਸ਼ਟਰੀ ਜਾਂਚ ਏਜੰਸੀ ਨੇ ਵੀ ਚਾਰਜਸ਼ੀਟ ਕੀਤਾ ਹੈ। ਕਿਹਾ ਜਾਂਦਾ ਹੈ ਕਿ ਉਹ ਅਮਰੀਕਾ ‘ਚ ਲੁਕਿਆ ਹੋਇਆ ਹੈ। ਉਸ ‘ਤੇ ਇੰਡੀਆ ‘ਚ ਅੱਤਵਾਦ ਫੈਲਾਉਣ ਅਤੇ ਪ੍ਰਸਿੱਧ ਸਮਾਜਿਕ ਅਤੇ ਧਾਰਮਿਕ ਨੇਤਾਵਾਂ, ਫਿਲਮੀ ਸਿਤਾਰਿਆਂ, ਗਾਇਕਾਂ ਅਤੇ ਵਪਾਰੀਆਂ ਦੀ ਟਾਰਗੈੱਟ ਕਿਲਿੰਗ ਨੂੰ ਅੰਜਾਮ ਦੇਣ ਲਈ ਅਪਰਾਧਿਕ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਗਿਆ ਹੈ। ਐੱਨ.ਆਈ.ਏ. ਮੁਤਾਬਕ ਪਾਕਿਸਤਾਨ ਨਾਲ ਸਬੰਧਾਂ ਤੋਂ ਇਲਾਵਾ ਉਸ ‘ਤੇ ਕੈਨੇਡਾ, ਨੇਪਾਲ ਅਤੇ ਹੋਰ ਦੇਸ਼ਾਂ ‘ਚ ਸਥਿਤ ਖਾਲਿਸਤਾਨ ਸਮਰਥਕ ਤੱਤਾਂ ਦੇ ਸੰਪਰਕ ‘ਚ ਹੋਣ ਦਾ ਵੀ ਦੋਸ਼ ਹੈ। ਹੋਰ ਖ਼ਤਰਨਾਕ ਗੈਂਗਸਟਰਾਂ ‘ਚ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਸਚਿਨ ਥਾਪਨ, ਗੁਰਜੰਟ ਸਿੰਘ ਉਰਫ ਜੰਟਾ, ਰੋਮੀ ਹਾਂਗਕਾਂਗ ਅਤੇ ਹੋਰ ਸ਼ਾਮਲ ਹਨ। ਸੂਚੀ ‘ਚ ਸ਼ਾਮਲ ਗੈਂਗਸਟਰਾਂ ‘ਚ ਗੌਰਵ ਪਟਿਆਲ ਉਰਫ ਲੱਕੀ ਪਟਿਆਲ ਵੀ ਸ਼ਾਮਲ ਹੈ, ਜਿਸ ਦੇ ਟਿਕਾਣਿਆਂ ‘ਤੇ ਪਿਛਲੇ ਸਾਲ ਐੱਨ.ਆਈ.ਏ. ਨੇ ਹਥਿਆਰਾਂ ਦੀ ਸਮੱਗਲਿੰਗ ਅਤੇ ਨਾਰਕੋ ਅੱਤਵਾਦ, ਟਾਰਗੈੱਟ ਕਿਲਿੰਗ, ਜਬਰਨ ਵਸੂਲੀ, ਅਗਵਾਹ ਅਤੇ ਹੋਰ ਅਪਰਾਧਿਕ ਅਤੇ ਅੱਤਵਾਦੀ ਗਤੀਵਿਧੀਆਂ ਲਈ ਛਾਪਾ ਮਾਰਿਆ ਸੀ। ਇਸ ਸੂਚੀ ‘ਚ ਕੈਨੇਡਾ ‘ਚ ਰਹਿੰਦੇ ਅਰਸ਼ ਡਾਲਾ ਸਮੇਤ ਕਈ ਹੋਰ ਨਾਂ ਸ਼ਾਮਲ ਹਨ।