ਕੈਨੇਡਾ-ਅਮਰੀਕਾ ਬਾਰਡਰ ‘ਤੇ ਪਿਛਲੇ ਹਫਤੇ ਕਿਊਬੈਕ ਤੋਂ ਨਿਊਯਾਰਕ ਨੂੰ ਜਾਣ ਵਾਸਤੇ ਗੈਰਕਨੂੰਨੀ ਤੌਰ ‘ਤੇ ਸਰਹੱਦ ਟੱਪਦਿਆਂ ਮਰਨ ਵਾਲੇ 8 ਜਣਿਆਂ ਦੀ ਸ਼ਨਾਖਤ ਹੋ ਗਈ ਹੈ। ਇਸ ‘ਚ ਇਕ ਰੋਮਾਨੀਆ ਨਾਲ ਸਬੰਧਤ ਪਰਿਵਾਰ ਤੋਂ ਇਲਾਵਾ ਇੰਡੀਆ ਦੇ ਗੁਜਰਾਤ ਨਾਲ ਸਬੰਧਤ ਪਰਿਵਾਰ ਦੇ ਚਾਰ ਜੀਅ ਸ਼ਾਮਲ ਸਨ। ਇਨ੍ਹਾਂ ‘ਚ ਪਤੀ ਪਤਨੀ ਤੋਂ ਇਲਾਵਾ ਉਨ੍ਹਾਂ ਦੇ ਦੋ ਬੱਚੇ (ਮੁੰਡਾ ਤੇ ਕੁੜੀ) ਵੀ ਸ਼ਾਮਲ ਸਨ। ਇਸ ਗੁਜਰਾਤੀ ਪਰਿਵਾਰ ਦੀ ਸੇਂਟ ਲਾਰੈਂਸ ਦਰਿਆ ‘ਚ ਡੁੱਬ ਜਾਣ ਕਾਰਨ ਮੌਤ ਹੋ ਗਈ ਜਦੋਂ ਉਨ੍ਹਾਂ ਸਮੇਤ ਇਕ ਰੋਮਾਨੀਆ ਦੇ ਪਰਿਵਾਰ ਨੂੰ ਲਿਜਾ ਰਹੀ ਛੋਟੀ ਜਿਹੀ ਕਿਸ਼ਤੀ ਪਾਣੀ ਦੇ ਤੇਜ਼ ਵਹਾਅ ਨੂੰ ਨਾ ਝੱਲਦਿਆਂ ਡੁੱਬ ਗਈ ਸੀ। ਇਸ ਪਰਿਵਾਰ ‘ਚ ਪਰਵੀਨ ਚੌਧਰੀ, ਉਸਦੀ ਪਤਨੀ ਦਖਸ਼ਾ, ਬੇਟਾ ਮੀਤ ਤੇ ਬੇਟੀ ਵਿਧੀ ਸ਼ਾਮਲ ਸਨ। ਇਸ ਮੰਦਭਾਗੇ ਹਾਦਸੇ ‘ਚ ਇਹ ਸਾਰਾ ਪਰਿਵਾਰ ਚੱਲ ਵੱਸਿਆ, ਜੋ ਚੰਗੇ ਜੀਵਨ ਦੀ ਭਾਲ ‘ਚ ਲੱਖਾਂ ਹੋਰ ਪਰਵਾਸੀਆਂ ਵਾਂਗ ਟਿਕਾਣੇ ਲੱਗਣਾ ਚਾਹੁੰਦਾ ਸੀ। ਇਹ ਪਰਿਵਾਰ ਸੈਲਾਨੀ ਵੀਜ਼ੇ ‘ਤੇ ਲੱਖਾਂ ਖਰਚ ਕੇ ਕੈਨੇਡਾ ਪੁੱਜਾ ਸੀ ਤੇ ਆਖ਼ਰੀ ਮੰਜ਼ਲ ਅਮਰੀਕਾ ਸੀ। ਇਹ ਪਰਿਵਾਰ ਗੁਜਰਾਤ ਦੇ ਮਹਿਸਾਣਾ ਜ਼ਿਲ੍ਹੇ ਦੇ ਪਿੰਡ ਨਾਲ ਸਬੰਧਤ ਸੀ। ਅਕਵੇਸਾਨੇ ਮੋਹੌਕ ਪੁਲੀਸ ਨੇ ਬਿਆਨ ‘ਚ ਕਿਹਾ, ‘ਹੁਣ ਕੁੱਲ ਮਿਲਾ ਕੇ 8 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਮੌਤਾਂ ਨਾਲ ਜੁੜੇ ਹਾਲਾਤਾਂ ਦੀ ਜਾਂਚ ਜਾਰੀ ਹੈ।’ ਮ੍ਰਿਤਕ ਭਾਰਤੀ ਪਰਿਵਾਰ ਮਹਿਸਾਣਾ ਦੇ ਵਿਜਾਪੁਰ ਤਾਲੁਕਾ ਦੇ ਮਾਨੇਕਪੁਰਾ-ਦਭਾਲਾ ਪਿੰਡ ਦੇ ਚੌਧਰੀ ਪਰਿਵਾਰ ਤੋਂ ਸੀ ਜਿਨ੍ਹਾਂ ਲਾਸ਼ਾਂ ਦੀਆਂ ਪਛਾਣ ਦੀ ਕੀਤੀ ਗਈ ਹੈ। ਮ੍ਰਿਤਕਾਂ ਦੀ ਪਛਾਣ ਚੌਧਰੀ ਪ੍ਰਵੀਨਭਾਈ ਵੇਲਜੀਭਾਈ 50, ਚੌਧਰੀ ਦਕਸ਼ਾਬੇਨ ਪ੍ਰਵੀਨਭਾਈ 45, ਚੌਧਰੀ ਵਿਧੀਬੇਨ ਪ੍ਰਵੀਨਭਾਈ, 23 ਅਤੇ ਚੌਧਰੀ ਮਿਤਕੁਮਾਰ ਪ੍ਰਵੀਨਭਾਈ 20 ਵਜੋਂ ਹੋਈ ਹੈ। ਚੌਧਰੀ ਪਰਿਵਾਰ ਨੂੰ ਉਨ੍ਹਾਂ ਦੀ ਮੌਤ ਬਾਰੇ ਸੋਸ਼ਲ ਮੀਡੀਆ ‘ਤੇ ਖ਼ਬਰ ਦੇਖਣ ਤੋਂ ਬਾਅਦ ਪਤਾ ਲੱਗਾ। ਪਹਿਲੀ ਅਪ੍ਰੈਲ ਨੂੰ ਸੋਸ਼ਲ ਮੀਡੀਆ ਤੋਂ 4 ਭਾਰਤੀਆਂ ਦੀ ਮੌਤ ਦੀ ਖ਼ਬਰ ਮਿਲੀ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਪਿਛਲੇ 15 ਦਿਨਾਂ ਤੋਂ ਉਹ ਉਨ੍ਹਾਂ ਨਾਲ ਕਿਸੇ ਤਰ੍ਹਾਂ ਦਾ ਸੰਪਰਕ ਨਹੀਂ ਕਰ ਪਾ ਰਹੇ ਸਨ। ਰੋਮਾਨੀਅਨ ਮੂਲ ਦੇ ਦੋ ਲੋਕਾਂ ਦੀ ਪਛਾਣ 28 ਸਾਲਾ ਫਲੋਰਿਨ ਇਓਰਦਾਚੇ ਅਤੇ 28 ਸਾਲਾ ਕ੍ਰਿਸਟੀਨਾ (ਮੋਨਾਲੀਸਾ) ਜ਼ਨਾਈਡਾ ਇਓਰਦਾਚੇ ਵਜੋਂ ਕੀਤੀ ਗਈ। ਪੁਲੀਸ ਨੇ ਕਿਹਾ ਕਿ ਫਲੋਰਿਨ ਦੇ ਕੋਲ ਦੋ ਕੈਨੇਡੀਅਨ ਪਾਸਪੋਰਟ ਸਨ- ਇਕ ਉਸ ਦੇ ਦੋ ਸਾਲ ਦੇ ਬੱਚੇ ਦਾ ਅਤੇ ਦੂਜਾ ਉਸਦੇ ਇਕ ਸਾਲ ਦੇ ਬੱਚੇ ਦਾ, ਜਿਨ੍ਹਾਂ ਦੀਆਂ ਲਾਸ਼ਾਂ ਵੀ ਬਰਾਮਦ ਕੀਤੀਆਂ ਗਈਆਂ।