ਪੰਜਾਬੀ ਫ਼ਿਲਮਾਂ ਦੀ ਅਦਾਕਾਰ ਨਿਰਮਲ ਰਿਸ਼ੀ ਵੱਲੋਂ ਆਪਣੇ ਵੱਡੇ ਭਰਾ ਰੋਸ਼ਨ ਲਾਲ ਨਾਲ ਘਰੇਲੂ ਵੰਡ ਦੀ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਅਦਾਲਤ ਦਾ ਫ਼ੈਸਲਾ ਨਿਰਮਲ ਰਿਸ਼ੀ ਦੇ ਹੱਕ ‘ਚ ਆਇਆ ਸੀ। ਇਸ ਨੂੰ ਅਮਲੀ ਰੂਪ ‘ਚ ਲਾਗੂ ਕਰਵਾਉਣ ਲਈ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਕਲਾਂ ‘ਚ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਕਬਜ਼ਾ ਦਿਵਾਉਣ ਲਈ ਪਿੰਡ ਖੀਵਾ ਕਲਾਂ ਪਹੁੰਚੇ। ਉਧਰ ਦੂਜੇ ਪਾਸੇ ਰੋਸ਼ਨ ਲਾਲ ਦੇ ਪਰਿਵਾਰ ਦੇ ਹੱਕ ‘ਚ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਨਿੱਤਰ ਆਈ ਹੈ। ਇਸ ਜਥੇਬੰਦੀ ਵੱਲੋਂ ਕਬਜ਼ਾ ਵਾਰੰਟ ਦਾ ਵਿਰੋਧ ਕਰਦਿਆਂ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਬਲਾਕ ਪ੍ਰਧਾਨ ਬਲਵੰਤ ਸਿੰਘ ਰੜ੍ਹ, ਬਲਾਕ ਆਗੂ ਭੋਲਾ ਸਿੰਘ ਮਾਖਾ, ਜਸਦੇਵ ਸਿੰਘ, ਬਲਜੀਤ ਸਿੰਘ ਅਤਲਾ ਖੁਰਦ ਨੇ ਕਿਹਾ ਕਿ ਰੋਸ਼ਨ ਲਾਲ ਤੇ ਉਨ੍ਹਾਂ ਦੀ ਭੈਣ ਨਿਰਮਲ ਰਿਸ਼ੀ ਦਾ ਜਗ੍ਹਾ ਲਈ ਝਗੜਾ ਚੱਲਦਾ ਸੀ, ਇਹ ਘਰ ਲਾਲ ਲਕੀਰ ਅੰਦਰ ਹੈ ਤੇ 70 ਸਾਲ ਤੋਂ ਲੈ ਕੇ ਵੰਡਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਨਿਰਮਲ ਰੋਸ਼ਨ ਲਾਲ ਦੇ ਘਰ ‘ਚੋਂ ਦੀ ਪਿਛਲੀ ਜਗ੍ਹਾ ‘ਚ ਰਹਿੰਦੇ ਭਰਾ ਲਈ ਰਸਤਾ ਖੁੱਲ੍ਹਾ ਕਰਵਾਉਣਾ ਚਾਹੁੰਦੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਪ੍ਰਸ਼ਾਸਨ, ਤਹਿਸੀਲਦਾਰ ਤੇ ਕਾਨੂੰਨਗੋ ਭੀਖੀ ਦੀ ਹਾਜ਼ਰੀ ‘ਚ ਕਬਜ਼ਾ ਕਰਨਾ ਚਾਹੁੰਦੇ ਸੀ ਪਰ ਜਥੇਬੰਦੀ ਨੇ ਕਬਜ਼ਾ ਹੋਣ ਤੋਂ ਰੋਕ ਦਿੱਤਾ। ਨਿਰਮਲ ਰਿਸ਼ੀ ਨੇ ਕਿਹਾ ਕਿ ਉਸ ਦਾ ਭਰਾ ਉਸ ਨੂੰ ਹਿੱਸਾ ਨਹੀਂ ਦੇ ਰਿਹਾ। ਉਹ ਬਜ਼ੁਰਗ ਹੋ ਚੁੱਕੀ ਹੈ ਤੇ ਪਿੰਡ ‘ਚ ਰਹਿਣਾ ਚਾਹੁੰਦੀ ਹੈ ਪਰ ਉਸ ਦੇ ਮਕਾਨ ਦਾ ਰਸਤਾ ਨਹੀਂ ਦਿੱਤਾ ਜਾ ਰਿਹਾ ਅਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਅਦਾਕਾਰਾ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਨਿਰਮਲ ਰਿਸ਼ੀ ਦੇਹੱਕ ‘ਚ ਹਾਅ ਦਾ ਨਾਅਰਾ ਮਾਰਿਆ ਪਰ ਕਿਸਾਨ ਜਥੇਬੰਦੀ ਦੇ ਉਲਟ ਸਟੈਂਡ ਲਏ ਜਾਣ ਕਾਰਨ ਨਵਾਂ ਰੱਫੜ ਪੈ ਗਿਆ ਹੈ।