ਮੌੜ ਮੰਡੀ ਨੇੜਲੇ ਪਿੰਡ ਭਾਈ ਬਖਤੌਰ ਅਤੇ ਜੋਧਪੁਰਾ ਰਮਾਣਾ ‘ਚ ਸ਼ਰ੍ਹੇਵਾਮ ਵਿਕਦੇ ‘ਚਿੱਟੇ’ ਖ਼ਿਲਾਫ਼ ਅੱਕੇ ਇਕ ਨੌਜਵਾਨ ਨੇ ਪਿੰਡ ਨੂੰ ਜਾਂਦੇ ਰਸਤੇ ਉੱਪਰ ‘ਚਿੱਟਾ ਇਧਰ ਮਿਲਦਾ’ ਵਾਲੇ ਬੈਨਰ ਤੇ ਬੋਰਡ ਟੰਗ ਦਿੱਤੇ। ਕੁਝ ਹੋਰ ਹਿੰਮਤੀ ਨੌਜਵਾਨਾਂ ਤੇ ਪਿੰਡ ਵਾਸੀਆਂ ਨੇ ਵੀ ਇਸ ਕੰਮ ‘ਚ ਸਾਥ ਦਿੱਤਾ। ਸੁਖਬੀਰ ਸਿੰਘ ਨਾਂ ਦੇ ਇਸ ਨੌਜਵਾਨ ਨੇ ਹੋਰਨਾਂ ਪਿੰਡ ਵਾਸੀਆਂ ਨਾਲ ਦੱਸਿਆ ਕਿ ਉਕਤ ਪਿੰਡਾਂ ‘ਚ ਚਿੱਟਾ ਸ਼ਰ੍ਹੇਆਮ ਮਿਲਦਾ। ਦੁਕਾਨਾਂ ਤੋਂ ਵੀ ਚਾਰ ਸੋਂ ਤੋਂ ਪੰਜ ਸੌ ਦੀਆਂ ਪੁੜੀਆਂ ਜਦੋਂ ਮਰਜ਼ੀ ਲਈਆਂ ਜਾ ਸਕਦੀਆਂ। ਪੰਦਰਾਂ ਸੋਲਾਂ ਸਾਲਾਂ ਦੇ ਬੱਚੇ ਵੀ ਚਿੱਟੇ ‘ਤੇ ਲੱਗ ਰਹੇ ਹਨ। ਉਹ ਕਈ ਵਾਰ ਧਰਨਾ ਮੁਜ਼ਾਹਰਾ ਤੇ ਨਸ਼ਾ ਰੋਕਣ ਦੀ ਮੰਗ ਕਰ ਚੁੱਕੇ ਹਨ। ਪਰ ਕਿਧਰੇ ਸੁਣਵਾਈ ਨਾ ਹੋਣ ਤੋਂ ਅੱਕੇ ਇਨ੍ਹਾਂ ਲੋਕਾਂ ਨੇ ਇਹ ਰਸਤਾ ਅਖਤਿਆਰ ਕੀਤਾ। ਜਿਵੇਂ ਹੀ ਇਹ ਬੈਨਰ ਤੇ ਬੋਰਡ ਲੱਗਣ ਦੀ ਖ਼ਬਰ ਚੈਨਲਾਂ, ਅਖ਼ਬਾਰਾਂ ਤੇ ਸੋਸ਼ਲ ਮੀਡੀਆ ‘ਤੇ ਆਈ ਤਾਂ ਪੁਲੀਸ ਵੀ ਹਰਕਤ ‘ਚ ਆ ਗਈ। ਕੁੰਭਕਰਨੀ ਨੀਂਹ ਤੋਂ ਜਾਗੀ ਪੰਜਾਬ ਪੁਲਿਸ ਨੇ ਹਰਕਤ ‘ਚ ਆ ਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ। ਬਠਿੰਡਾ ਪੁਲੀਸ ਨੇ ਸ਼ਨੀਵਾਰ ਤੜਕੇ ਦੋਵਾਂ ਪਿੰਡਾਂ ‘ਚ ਛਾਪੇਮਾਰੀ ਕੀਤੀ। ਜ਼ਿਲ੍ਹਾ ਪੁਲੀਸ ਮੁਖੀ ਜੇ ਇਲਾਨਚੇਜੀਅਨ ਦੇ ਹੁਕਮਾਂ ‘ਤੇ ਡੀ.ਐੱਸ.ਪੀ. ਮੌੜ ਦੀ ਅਗਵਾਈ ਹੇਠ ਪੁਲੀਸ ਟੀਮਾਂ ਨੇ ਪਿੰਡ ‘ਚ ਘਰ-ਘਰ ਜਾ ਕੇ ਚੈਕਿੰਗ ਕੀਤੀ। ਕਰੀਬ ਤਿੰਨ ਤੋਂ ਚਾਰ ਘੰਟੇ ਤੱਕ ਚੱਲੇ ਇਸ ਤਲਾਸ਼ੀ ਅਭਿਆਨ ਦੌਰਾਨ ਪੁਲੀਸ ਨੇ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ ਅਤੇ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਮੋੜ ਹਲਕੇ ਦੇ ਪਿੰਡ ਜੋਧਪੁਰ ਅਤੇ ਬਠਿੰਡਾ ਹਲਕੇ ਦੇ ਪਿੰਡਾਂ ‘ਚ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਬਠਿੰਡਾ ਦੇ ਇਕ ਪਿੰਡ ‘ਚ ਕਿਸੇ ਸ਼ਖ਼ਸ ਵਲੋਂ ਬੋਰਡ ਲਗਾ ਦਿੱਤਾ ਗਿਆ ਸੀ ਕਿ ਚਿੱਟਾ ਇੱਧਰ ਮਿਲਦਾ ਹੈ। ਇਸ ਬੋਰਡ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲੀਸ ਵਲੋਂ ਇਸ ਰੇਡ ਮਾਰੀ ਗਈ ਹੈ।