ਜਗਰਾਉਂ ਨੇੜਲੇ ਥਾਣਾ ਦਾਖਾ ਦੇ ਪਿੰਡ ਮੰਡਿਆਣੀ ‘ਚ ‘ਚਿੱਟੇ’ ਦਾ ਕਾਲਾ ਧੰਦਾ ਕਰਨ ਵਾਲਾ ਇਕ ਪੂਰੇ ਦਾ ਪੂਰਾ ਟੱਬਰ ਹੁਣ ਜੇਲ੍ਹ ਦੀ ਹਵਾ ਖਾ ਰਿਹਾ ਹੈ। ਪਰਿਵਾਰ ‘ਚਿੱਟਾ’ ਵੇਚਣ ਤੋਂ ਤੌਬਾ ਨਹੀਂ ਕੀਤੀ ਭਾਵੇਂ ਇਕ-ਇਕ ਕਰਕੇ ਸਾਰੇ ਅੰਦਰ ਹੁੰਦੇ ਰਹੇ। ਨਤੀਜਾ ਇਹ ਹੋਇਆ ਕਿ ਹੁਣ ਪਰਿਵਾਰ ਦੀਆਂ ਔਰਤਾਂ, ਬੰਦੇ ਤੇ ਨੌਜਵਾਨ ਸਾਰੇ ਜੇਲ੍ਹ ਪਹੁੰਚ ਗਏ ਹਨ। ਗੋਰਖਧੰਦਾ ਕਰਦੇ ਇਸ ਪਰਿਵਾਰ ਦੇ 8 ਮੈਂਬਰ ਕਸ਼ਮੀਰ ਸਿੰਘ, ਭੋਲੀ, ਲਾਲੀ ਸਿੰਘ, ਬੰਟੀ, ਧਰਮਪ੍ਰੀਤ, ਗੋਲਡੀ, ਮੁਖਤਿਆਰ ਕੌਰ ਗੁੱਡੀ ਤੇ ਰਾਣੀ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾ ਚੁੱਕਾ ਹੈ ਜਦਕਿ ਪਰਿਵਾਰ ਦੇ 9ਵੇਂ ਮੈਂਬਰ ਰਵੀ ਪੁੱਤਰ ਜਗਦੇਵ ਸਿੰਘ ਨੂੰ ਵੀ ਅੱਜ ਕਾਬੂ ਕਰ ਲਿਆ ਗਿਆ ਹੈ। ਨਸ਼ਿਆਂ ਖ਼ਿਲਾਫ਼ ਪਿੱਛੇ ਜਿਹੇ ਆਵਾਜ਼ ਬੁਲੰਦ ਕਰਨ ਤੇ ਪਿੰਡ ‘ਚ ਤਲਾਸ਼ੀ ਮੁਹਿੰਮ ਚਲਾਉਣ ਵਾਲੀ ਸਰਪੰਚ ਗੁਰਪ੍ਰੀਤ ਕੌਰ ਦੀ ਚਰਚਾ ਵਿਦੇਸ਼ਾਂ ਤੱਕ ਹੋਈ ਸੀ। ਉਸੇ ਸਦਕਾ ਅੱਜ ਤਾਜ਼ਾ ਕਾਰਵਾਈ ਅਮਲ ‘ਚ ਆਈ ਤੇ ਨਸ਼ਾ ਵੇਚਣ ਵਾਲੇ ਮੌਕੇ ‘ਤੇ ਕਾਬੂ ਕੀਤੇ ਗਏ। ਡੀ.ਐੱਸ.ਪੀ. ਜਸ਼ਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਰਵੀ ਬੀਤੀ ਰਾਤ ਹੀ ਘਰ ਆਇਆ ਸੀ ਤੇ ਸਵੇਰੇ ਪਿੰਡ ਕੁੱਲਗਹਿਣਾ ਵਿਖੇ 3400 ਰੁਪਏ ਹਰਮਨ ਪੁੱਤਰ ਮੋਹਣ ਸਿੰਘ ਵਾਸੀ ਪਿੰਡ ਮੁੱਲਾਂਪੁਰ ਤੋਂ ਉਧਾਰੇ ਲੈ ਕੇ ਆਪਣੇ ਰਿਸ਼ਤੇਦਾਰ ਭਰਾ ਬਲਵਿੰਦਰ ਸਿੰਘ ਪੁੱਤਰ ਮੰਗਾ ਸਿੰਘ ਵਾਸੀ ਪਿੰਡ ਮੁੱਲਾਂਪੁਰ ਨਾਲ ਚਿੱਟਾ ਖਰੀਦ ਕੇ ਲਿਆਇਆ ਸੀ। ਇਹ ਦੋਵੇਂ ਤਲਵੰਡੀ-ਮੁੱਲਾਂਪੁਰ ਰੋਡ ‘ਤੇ ਖੇਤਾਂ ‘ਚ ਹਰਮਨ ਸਿੰਘ ਮੁੱਲਾਂਪੁਰ ਨੂੰ ਦੇਣ ਗਏ ਸਨ, ਜਿੱਥੋਂ ਪਿੰਡ ਦੇ ਲੋਕਾਂ ਜਿਨ੍ਹਾਂ ਦੀ ਪਹਿਲਾਂ ਹੀ ਇਨ੍ਹਾਂ ‘ਤੇ ਅੱਖ ਸੀ, ਨੇ ਦਬੋਚ ਲਿਆ ਅਤੇ ਸਰਪੰਚ ਗੁਰਪ੍ਰੀਤ ਕੌਰ ਮੰਡਿਆਣੀ ਦੇ ਹਵਾਲੇ ਕਰ ਦਿੱਤਾ। ਇਸ ਦੀ ਸੂਚਨਾ ਮਿਲਣ ‘ਤੇ ਪੁਲੀਸ ਪਾਰਟੀ ਮੌਕੇ ‘ਤੇ ਪੁੱਜ ਗਈ। ਉਨ੍ਹਾਂ ਖੁਦ ਮੌਕੇ ‘ਤੇ ਜਾ ਕੇ ਇਨ੍ਹਾਂ 3 ਸਮੱਗਲਰਾਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਅਤੇ ਇਨ੍ਹਾਂ ਕੋਲੋਂ 5 ਬਿੱਟਾਂ ਚਿੱਟੇ ਦੀਆਂ, ਇਕ ਸਰਿੰਜ, ਰੈਪ ਪੇਪਰ, ਪੰਨੀ ਅਤੇ 1500 ਰੁਪਏ ਡਰੱਗ ਮਨੀ ਬਰਾਮਦ ਕੀਤੀ। ਇਨ੍ਹਾਂ ਵਿਰੁੱਧ ਨਸ਼ਾ ਵਿਰੋਧੀ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।