ਕਾਂਗਰਸ ਤੋਂ ਬਾਅਦ ‘ਬਦਲਾਅ’ ਨਾਅਰੇ ਨਾਲ ਸੱਤਾ ‘ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਸੂਬੇ ‘ਚੋਂ ਨਸ਼ਿਆਂ ਦਾ ਖਾਤਮਾ ਕਰਨ ‘ਚ ਨਾਕਾਮ ਹੋਈ ਨਜ਼ਰ ਆ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀਆਂ ਚੋਣਾਂ ਤੋਂ ਪਹਿਲਾਂ ਨਸ਼ੇ ਦੇ ਮੁੱਦੇ ‘ਤੇ ਕੀਤੀਆਂ ਜਾਂਦੀਆਂ ਗੱਲਾਂ ਤੇ ਦਾਅਵੇ ਵੀ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਹੁੰ ਵਾਂਗ ਝੂਠੇ ਜਾਪਣ ਲੱਗੇ ਹਨ। ਉਂਝ ਤਾਂ ਪੰਜਾਬ ‘ਚ ਰੋਜ਼ਾਨਾ ਕਿਸੇ ਨਾ ਕਿਸੇ ਪਾਸਿਓਂ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦੀ ਖ਼ਬਰ ਆਉਂਦੀ ਹੈ। ਪਰ ਚੋਹਲਾ ਸਾਹਿਬ ਇਲਾਕੇ ਤੋਂ ਆਈ ਖ਼ਬਰ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪਿੰਡ ਧੁੰਨ ਢਾਏ ਵਾਲਾ ਦੇ ਇਕ ਕਿਸਾਨ ਪਰਿਵਾਰ ਦੇ ਵੱਡੇ ਪੁੱਤਰ ਅੰਗਰੇਜ਼ ਸਿੰਘ (23) ਦੀ ਬੀਤੇ ਵੀਰਵਾਰ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ। ਅੰਗਰੇਜ਼ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਅਖੰਡ ਪਾਠ ਦਾ ਭੋਗ ਪਾਇਆ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਪਰਿਵਾਰ ਦੇ ਛੋਟੇ ਪੁੱਤਰ ਗੁਰਮੇਲ ਸਿੰਘ (21) ਦੀ ਵੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮੁਖਤਿਆਰ ਸਿੰਘ ਦੇ ਦੋਵੇਂ ਪੁੱਤਰ ਅੰਗਰੇਜ਼ ਸਿੰਘ ਤੇ ਗੁਰਮੇਲ ਸਿੰਘ ਗੁਜਰਾਤ ਦੇ ਮੁੰਦਰਾ ਸ਼ਹਿਰ ‘ਚ ਕੰਮ ਕਰਦੇ ਸਨ ਪਰ ਮਾੜੀ ਸੰਗਤ ਕਰਕੇ ਦੋਵੇਂ ਨਸ਼ੇ ਦੇ ਆਦੀ ਹੋ ਗਏ। ਇਸ ਦੌਰਾਨ ਬੀਤੇ ਵੀਰਵਾਰ ਅੰਗਰੇਜ਼ ਸਿੰਘ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ। ਉਹ ਦੋ ਬੱਚਿਆਂ ਦਾ ਪਿਤਾ ਸੀ। ਅੰਗਰੇਜ਼ ਸਿੰਘ ਨਮਿੱਤ ਰੱਖੇ ਪਾਠ ਦਾ ਭੋਗ ਹਾਲੇ ਪੈਣਾ ਹੈ, ਪਰ ਇਸ ਤੋਂ ਪਹਿਲਾਂ ਹੀ ਚੋਹਲਾ ਸਾਹਿਬ ਵਿਖੇ ਅੰਗਰੇਜ਼ ਦੇ ਛੋਟੇ ਭਰਾ ਗੁਰਮੇਲ ਸਿੰਘ ਦੀ ਵੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਗੁਰਮੇਲ ਹਾਲੇ ਦਸ ਮਹੀਨੇ ਪਹਿਲਾਂ ਹੀ ਵਿਆਹਿਆ ਗਿਆ ਸੀ। ਨਸ਼ਿਆਂ ਬਾਰੇ ਸਰਕਾਰ ਤੇ ਪੁਲੀਸ ਕੋਈ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ। ਉਲਟਾ ਜ਼ਿਲ੍ਹਾ ਪੁਲੀਸ ਮੁਖੀ ਦੇ ਬਿਆਨ ਤੋਂ ਲੋਕ ਨਿਰਾਸ਼ ਤੇ ਨਾਰਾਜ਼ ਜ਼ਰੂਰ ਹੋਏ ਹਨ। ਐੱਸ.ਐੱਸ.ਪੀ. ਰਣਜੀਤ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਮ੍ਰਿਤਕਾਂ ਤੇ ਪਰਿਵਾਰਕ ਮੈਂਬਰਾਂ ਨੂੰ ਇਕ ਹੀ ਹਫ਼ਤੇ ‘ਚ ਪਰਿਵਾਰ ਦੇ ਦੋ ਨੌਜਵਾਨਾਂ ਮੁੰਡਿਆਂ ਦੀ ਇੰਜ ਮੌਤ ਹੋਣ ਸਬੰਧੀ ਜਾਂਚ ਕਰਵਾਉਣੀ ਚਾਹੀਦੀ ਸੀ। ਇਨਕਲਾਬੀ ਕੇਂਦਰ ਪੰਜਾਬ ਦੇ ਸਕੱਤਰ ਕੰਵਲਜੀਤ ਖੰਨਾ ਨੇ ਦੋਹਾਂ ਭਰਾਵਾਂ ਦੀ ਮੰਦਭਾਗੀ ਮੌਤ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਐੱਸ.ਐੱਸ.ਪੀ. ਦੇ ਗੈਰਜ਼ਿੰਮੇਵਰਾਨਾ ਤੇ ਗੈਰਸੰਵੇਦਨਸ਼ੀਲ ਬਿਆਨ ਬਾਰੇ ਸਰਕਾਰ ਨੂੰ ਲਾਜ਼ਮੀ ਕੋਈ ਕਾਰਵਾਈ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਸਰਕਾਰ ਆਪਣੇ ਕੀਤੇ ਵਾਅਦੇ ਮੁਤਾਬਕ ‘ਚਿੱਟੇ’ ਸਮੇਤ ਹੋਰ ਨਸ਼ਿਆਂ ਦੇ ਖਾਤਮੇ ਲਈ ਕੁਝ ਕੰਮ ਕਰਕੇ ਦਿਖਾਵੇ।