ਪੰਜਾਬੀ ਮੂਲ ਦੀ ਚੰਡੀਗੜ੍ਹ ਜਨਮੀ ਪ੍ਰਸਿੱਧ ਇੰਡੋ-ਅਮਰੀਕਨ ਅਟਾਰਨੀ ਹਰਮੀਤ ਢਿੱਲੋਂ ‘ਰਿਪਬਲਿਕਨ ਨੈਸ਼ਨਲ ਕਮੇਟੀ’ ਦੇ ਪ੍ਰਧਾਨ ਦੇ ਅਹੁਦੇ ਦੀ ਚੋਣ ਨਹੀਂ ਜਿੱਤ ਸਕੀ। ਹਾਈ-ਪ੍ਰੋਫਾਈਲ ਚੋਣਾਂ ‘ਚ ਰੋਨਾ ਮੈਕਡੈਨੀਅਲ ਨੂੰ ਇਕ ਵਾਰ ਫਿਰ ਆਰ.ਐੱਨ.ਸੀ. ਦੀ ਪ੍ਰਧਾਨ ਵਜੋਂ ਚੁਣਿਆ ਗਿਆ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਰੀਬੀ ਮੰਨੀ ਜਾਂਦੀ ਮੈਕਡਨੀਅਲ ਦਾ ਕਾਰਜਕਾਲ ਦੋ ਸਾਲ ਦਾ ਹੋਵੇਗਾ। ਗੁਪਤ ਮਤਦਾਨ ਰਾਹੀਂ ਹੋਈਆਂ ਚੋਣਾਂ ‘ਚ ਉਨ੍ਹਾਂ ਨੂੰ 111 ਵੋਟਾਂ ਮਿਲੀਆਂ ਜਦੋਂ ਕਿ ਹਰਮੀਤ ਢਿੱਲੋਂ ਨੂੰ 51 ਵੋਟਾਂ ਮਿਲੀਆਂ। ਇਨ੍ਹਾਂ ਚੋਣਾਂ ਨੇ ਰਿਪਬਲਿਕਨ ਪਾਰਟੀ ‘ਚ ਵਧ ਰਹੀ ਅੰਦਰੂਨੀ ਵੰਡ ਦਾ ਪਰਦਾਫਾਸ਼ ਕਰ ਦਿੱਤਾ ਹੈ, ਜੋ 2024 ਦੀਆਂ ਅਮਰੀਕਨ ਰਾਸ਼ਟਰਪਤੀ ਚੋਣਾਂ ‘ਚ ਉਸਦੀ ਸੰਭਾਵਨਾ ਨੂੰ ਪ੍ਰਭਾਵਿਤ ਕਰ ਸਕਦਾ ਹੈ। ਆਰ.ਐੱਨ.ਸੀ. ਪ੍ਰਧਾਨ ਦੇ ਅਹੁਦੇ ਦੀ ਚੋਣ ਦੱਖਣੀ ਕੈਲੀਫੋਰਨੀਆ ਦੇ ਇਕ ਰਿਜ਼ੋਰਟ ‘ਚ ਆਯੋਜਿਤ ਕੀਤੀ ਗਈ ਸੀ ਜਿੱਥੇ ਸਾਰੇ 50 ਰਾਜਾਂ ਤੋਂ ਵੋਟਰ ਸਮੂਹ ਦੇ 168 ਮੈਂਬਰ (ਕਾਰਕੁਨ ਅਤੇ ਚੁਣੇ ਗਏ ਅਧਿਕਾਰੀ) ਇਕੱਠੇ ਹੋਏ। ਨਤੀਜਿਆਂ ਦਾ ਐਲਾਨ ਹੋਣ ਤੋਂ ਤੁਰੰਤ ਬਾਅਦ ਮੈਕਡੈਨੀਅਲ ਨੇ ਆਪਣੇ ਵਿਰੋਧੀਆਂ ਨੂੰ ਸਟੇਜ ‘ਤੇ ਬੁਲਾਇਆ। ਉਨ੍ਹਾਂ ਕਿਹਾ, ‘ਸਾਡੇ ਸਾਰਿਆਂ ਦੇ ਇਕਜੁੱਟ ਹੋ ਕੇ ਕੰਮ ਕਰਨ ‘ਤੇ 2024 ਦੀਆਂ ਚੋਣਾਂ ‘ਚ ਡੈਮੋਕਰੇਟਸ (ਪਾਰਟੀ) ਨੂੰ ਸਾਡੀ ਆਵਾਜ਼ ਸੁਣਾਈ ਦੇਵੇਗੀ।’ ਇਸ ਜਿੱਤ ਦੇ ਨਾਲ ਮੈਕਡਨੀਅਲ ਸਿਵਲ ਯੁੱਧ ਤੋਂ ਬਾਅਦ ਸਭ ਤੋਂ ਲੰਬੇ ਸਮੇਂ ਤੱਕ ਆਰ.ਐੱਨ.ਸੀ. ਪ੍ਰਧਾਨ ਦੇ ਅਹੁਤੇ ‘ਤੇ ਸੇਵਾਵਾਂ ਦੇਣ ਵਾਲੀ ਸ਼ਖ਼ਸ ਬਣ ਗਈ ਹੈ। ਉਸ ਨੂੰ ਟਰੰਪ ਵੱਲੋਂ 2016 ‘ਚ ਆਰ.ਐੱਨ.ਸੀ. ਦੀ ਅਗਵਾਈ ਕਰਨ ਲਈ ਚੁਣਿਆ ਗਿਆ ਸੀ। ਮੈਕਡਨੀਅਲ ਦੇ ਮੁੱਖ ਵਿਰੋਧੀ ਅਤੇ ਟਰੰਪ ਦੀ ਵਕੀਲ ਹਰਮੀਤ ਢਿੱਲੋਂ ਨੇ ਪੱਤਰਕਾਰਾਂ ਨੂੰ ਕਿਹਾ, ‘ਪਾਰਟੀ ਇਕਜੁੱਟ ਨਹੀਂ ਹੈ। ਪਾਰਟੀ ‘ਚ ਹੁਣ ਜਿਸ ਤਰ੍ਹਾਂ ਦੀਆਂ ਸਰਗਰਮੀਆਂ ਚੱਲ ਰਹੀਆਂ ਹਨ, ਉਸ ਨਾਲ ਕੋਈ ਵੀ ਇਕਜੁੱਟ ਨਹੀਂ ਰਹਿਣ ਵਾਲਾ ਹੈ। ਅਜਿਹਾ ਲੱਗਦਾ ਹੈ ਕਿ ਜ਼ਮੀਨੀ ਪੱਧਰ ਦੇ ਨੇਤਾਵਾਂ ਅਤੇ ਵਰਕਰਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ।’