ਇਕ ਹਸਪਤਾਲ ਅਤੇ ਫੈਕਟਰੀ ‘ਚ ਅੱਗ ਲੱਗਣ ਦੀਆਂ ਵੱਖ-ਵੱਖ ਘਟਨਾਵਾਂ ‘ਚ 40 ਲੋਕਾਂ ਦੀ ਮੌਤ ਹੋ ਗਈ। ਚੀਨ ਦੇ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਬੀਜਿੰਗ ਦੇ ਫੇਂਗਤਾਈ ਜ਼ਿਲ੍ਹੇ ਦੇ ਇਕ ਹਸਪਤਾਲ ਦੀ ਦਾਖ਼ਲਾ ਇਮਾਰਤ ‘ਚ ਦੁਪਹਿਰ 12:57 ਵਜੇ ਅੱਗ ਲੱਗ ਗਈ ਜਿਸ ‘ਚ 29 ਲੋਕਾਂ ਦੀ ਮੌਤ ਹੋ ਗਈ। ਦੁਪਹਿਰ ਕਰੀਬ 1.33 ਵਜੇ ਅੱਗ ‘ਤੇ ਕਾਬੂ ਪਾਇਆ ਗਿਆ ਅਤੇ ਬਾਅਦ ਦੁਪਹਿਰ ਕਰੀਬ 3.30 ਵਜੇ ਬਚਾਅ ਕਾਰਜ ਸਮਾਪਤ ਹੋ ਗਿਆ। ਕੁੱਲ 71 ਮਰੀਜ਼ਾਂ ਨੂੰ ਹਸਪਤਾਲ ਤੋਂ ਬਾਹਰ ਕੱਢ ਕੇ ਹੋਰ ਥਾਵਾਂ ‘ਤੇ ਸ਼ਿਫਟ ਕੀਤਾ ਗਿਆ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਚੀਨ ਦੇ ਪੂਰਬੀ ਝੇਜਿਆਂਗ ਸੂਬੇ ਦੇ ਜਿਨਹੁਆ ਸ਼ਹਿਰ ਦੇ ਵੂਈ ਕਾਉਂਟੀ ‘ਚ ਇਕ ਹੋਰ ਫੈਕਟਰੀ ‘ਚ ਅੱਗ ਲੱਗਣ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਘਟਨਾ ਦੀ ਐਮਰਜੈਂਸੀ ਸੂਚਨਾ ਮਿਲਣ ਤੋਂ ਬਾਅਦ ਫਾਇਰਫਾਈਟਰਜ਼, ਪੁਲੀਸ ਅਧਿਕਾਰੀ ਅਤੇ ਐਮਰਜੈਂਸੀ ਮੈਡੀਕਲ ਕਰਮਚਾਰੀਆਂ ਨੂੰ ਮੌਕੇ ‘ਤੇ ਰਵਾਨਾ ਕੀਤਾ ਗਿਆ। ਚਾਈਨਾ ਡੇਲੀ ਨੇ ਦੱਸਿਆ ਕਿ ਤੜਕੇ ਚਾਰ ਵਜੇ ਤੱਕ ਅੱਗ ‘ਤੇ ਕਾਬੂ ਪਾਉਣ ਤੋਂ ਬਾਅਦ ਖੋਜ ਅਤੇ ਬਚਾਅ ਕਾਰਜਾਂ ਦੇ ਦੋ ਦੌਰ ਕੀਤੇ ਗਏ ਅਤੇ 11 ਲਾਸ਼ਾਂ ਮਿਲੀਆਂ। ਜਾਣਕਾਰੀ ਅਨੁਸਾਰ ਅੱਗ ਇਕ ਫੈਕਟਰੀ ‘ਚ ਲੱਗੀ ਜਿੱਥੇ ਲੱਕੜ ਦੇ ਦਰਵਾਜ਼ੇ ਬਣੇ ਹੋਏ ਸਨ ਅਤੇ ਸ਼ਾਇਦ ਇਹ ਅੱਗ ਲੱਕੜ ਦੇ ਦਰਵਾਜ਼ੇ, ਪੇਂਟ ਅਤੇ ਪੈਕਟ ਵਰਗੀ ਜਲਣਸ਼ੀਲ ਸਮੱਗਰੀ ਕਾਰਨ ਲੱਗੀ। ਬਿਆਨ ‘ਚ ਕਿਹਾ ਗਿਆ ਹੈ ਕਿ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ ਅਤੇ ਇਸ ਸਬੰਧ ‘ਚ ਵਿਆਪਕ ਜਾਂਚ ਕੀਤੀ ਜਾ ਰਹੀ ਹੈ।