ਚੀਨ ਦੇ ਹਿੰਦ-ਪ੍ਰਸ਼ਾਂਤ ਖੇਤਰ ‘ਚ ਹਮਲਾਵਰ ਰਵੱਈਏ ਨੂੰ ਦੇਖਦੇ ਹੋਏ ਅਮਰੀਕਾ ਨੇ ਇਸ ਨੂੰ ਕਾਬੂ ਕਰਨ ਦੀ ਯੋਜਨਾ ਬਣਾਈ ਹੈ। ਚੀਨ ਨੂੰ ਤਿੰਨ ਪਾਸਿਆਂ ਤੋਂ ਘੇਰਨ ਲਈ ਅਮਰੀਕਾ, ਆਸਟਰੇਲੀਆ ਅਤੇ ਬ੍ਰਿਟੇਨ ਨੇ ਪ੍ਰਮਾਣੂ ਸ਼ਕਤੀ ਨਾਲ ਚੱਲਣ ਵਾਲੀ ਪਣਡੁੱਬੀ ਲਈ ਵੱਡੇ ਸੌਦੇ ਦਾ ਐਲਾਨ ਕੀਤਾ ਹੈ। ਸੈਨ ਡਇਏਗੋ ‘ਚ ਇਕ ਸਿਖਰ ਸੰਮੇਲਨ ‘ਚ ਤਿੰਨ ਦੇਸ਼ਾਂ ਦੇ ਰਾਜਾਂ ਦੇ ਮੁਖੀਆਂ ਨੇ ਹਿੱਸਾ ਲੈਣ ਤੋਂ ਬਾਅਦ ਇਹ ਐਲਾਨ ਕੀਤਾ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਸੈਨ ਡਇਏਗੋ ‘ਚ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨਾਲ ਸਮਝੌਤੇ ‘ਤੇ ਦਸਤਖ਼ਤ ਕਰਦੇ ਹੋਏ ਕਿਹਾ ਕਿ ਅਸੀਂ ਇਸ ਸੌਦੇ ਦੇ ਤਹਿਤ ਆਸਟਰੇਲੀਆ ਨੂੰ ਮਜ਼ਬੂਤ ਕਰਾਂਗੇ ਅਤੇ ਆਸਟਰੇਲੀਅਨ ਕਰਮਚਾਰੀਆਂ ਨੂੰ ਸਿਖਲਾਈ ਦੇਵਾਂਗੇ। ਤਿੰਨਾਂ ਨੇਤਾਵਾਂ ਨੇ ਸੌਦੇ ਤੋਂ ਬਾਅਦ ਕਿਹਾ ਕਿ ਇਹ ਫ਼ੈਸਲਾ ਸਿਰਫ ਇੰਡੋ-ਪੈਸੀਫਿਕ ਖੇਤਰ ਨੂੰ ‘ਮੁਕਤ ਅਤੇ ਖੁੱਲ੍ਹਾ’ ਰੱਖਣ ਲਈ ਹੈ। ਹਿੰਦ-ਪ੍ਰਸ਼ਾਂਤ ਖੇਤਰ ‘ਚ ਡ੍ਰੈਗਨ ਦੇ ਦਬਦਬੇ ਨੂੰ ਘੱਟ ਕਰਨ ਲਈ ਆਸਟਰੇਲੀਆ ਕਈ ਪ੍ਰਮਾਣੂ ਸੰਚਾਲਿਤ ਪਣਡੁੱਬੀਆਂ ਅਮਰੀਕਾ ਤੋਂ ਖਰੀਦੇਗਾ। ਇਸ ਨਾਲ ਏ.ਯੂ.ਕੇ.ਯੂ.ਐੱਸ. ਸੌਦੇ ਦੇ ਤਹਿਤ ਆਸਟਰੇਲੀਆ ਬ੍ਰਿਟੇਨ ਨਾਲ ਮਿਲ ਕੇ ਪਣਡੁੱਬੀਆਂ ਦਾ ਨਿਰਮਾਣ ਕਰੇਗਾ ਜਿਸ ਨੂੰ ਨਵੀਂ ਤਕਨੀਕ ਨਾਲ ਵਿਕਸਿਤ ਕੀਤਾ ਜਾਵੇਗਾ। ਇਸ ਸੌਦੇ ਦੇ ਤਹਿਤ ਅਮਰੀਕਾ 2030 ਦੇ ਦਹਾਕੇ ਦੇ ਸ਼ੁਰੂ ‘ਚ ਆਸਟਰੇਲੀਆ ਨੂੰ 50 ਬਿਲੀਅਨ ਡਾਲਰ ਦੀ ਲਾਗਤ ਨਾਲ ਤਿੰਨ ਵਰਜੀਨੀਆ ਸ਼੍ਰੇਣੀ ਦੀਆਂ ਪਣਡੁੱਬੀਆਂ ਵੇਚੇਗਾ। ਜੇਕਰ ਲੋੜ ਪਈ ਤਾਂ ਆਸਟ੍ਰਰੇਲੀਆ 58 ਬਿਲੀਅਨ ਡਾਲਰ ‘ਚ ਦੋ ਹੋਰ ਪਣਡੁੱਬੀਆਂ ਖਰੀਦ ਸਕਦਾ ਹੈ।