ਓਂਟਾਰੀਓ ਪ੍ਰੋਵਿਨਸ਼ਨਿਲ ਪੁਲੀਸ ਨੇ ਪ੍ਰਾਜੈਕਟ ਮਾਇਰਾ ਤਹਿਤ ਕਾਰ ਚੋਰਾਂ ਦੇ ਵੱਡੇ ਗਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ ਇਸ ’ਚ ਸਰਵਿਸ ਓਂਟਾਰੀਓ ਦੇ ਮੁਲਾਜ਼ਮ ਵੀ ਸ਼ਾਮਲ ਸੀ ਜੋ ਜਾਅਲੀ ਕਾਗਜ਼ਾਤ ਨਾਲ ਚੋਰੀ ਕੀਤੀਆਂ ਗੱਡੀਆਂ ਦੀ ਰਜਿਸਟਰੇਸ਼ਨ ਕਰਕੇ ਅੱਗੇ ਵੇਚਣ ’ਚ ਮੱਦਦ ਕਰਦੇ ਸਨ। ਓ.ਪੀ.ਪੀ. ਨੇ ਕੁੱਲ 28 ਜਣੇ ਗ੍ਰਿਫ਼ਤਾਰ ਕੀਤੇ ਹਨ ਅਤੇ 12 ਮਿਲੀਅਨ ਡਾਲਰ ਦੀਆਂ 214 ਗੱਡੀਆ ਬਰਾਮਦ ਕੀਤੀਆਂ ਹਨ। ਪੁਲੀਸ ਦਾ ਕਹਿਣਾ ਹੈ ਕਿ 200 ਤੋਂ ਵੱਧ ਚੋਰੀ ਹੋਈਆਂ ਕਾਰਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਓਂਟਾਰੀਓ ਅਤੇ ਸਸਕੈਚਵਨ ਤੋਂ ਬਾਹਰ ਚੱਲ ਰਹੇ ਤਿੰਨ ਆਟੋ-ਚੋਰੀ ਆਧਾਰਤ ਅਪਰਾਧਿਕ ਗੈਂਗ ਖ਼ਤਮ ਕਰਨ ’ਚ ਸਫ਼ਲਤਾ ਮਿਲੀ ਹੈ ਜਿਸ ’ਚ ਸਰਵਿਸ ਓਂਟਾਰੀਓ ਦੇ ਕਰਮਚਾਰੀ ਵੀ ਸ਼ਾਮਲ ਸਨ। ਇਹ ਕਾਰਵਾਈ 22 ਮਹੀਨੇ ਲੰਮੀ ਚੱਲੀ ਜਾਂਚ ਤੋਂ ਬਾਅਦ ਅਮਲ ’ਚ ਲਿਆਂਦੀ ਗਈ ਹੈ। ਸਤੰਬਰ 2020 ’ਚ ਪੁਲੀਸ ਨੇ ਇਹ ਪ੍ਰਾਜੈਕਟ ਸ਼ੁਰੂ ਕੀਤਾ ਸੀ। ਪੁਲੀਸ ਦਾ ਕਹਿਣਾ ਹੈ ਕਿ ਚੋਰੀਆਂ ਮੁੱਖ ਤੌਰ ’ਤੇ ਓਂਟਾਰੀਓ ’ਚ ਹੋਈਆਂ ਹਨ। ਓ.ਪੀ.ਪੀ. ਡਿਪਟੀ ਕਮਿਸ਼ਨਰ ਚਕ ਕਾਕਸ ਨੇ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਬਰਾਮਦ ਵਾਹਨਾਂ ਦੀ ਕੀਮਤ 12 ਮਿਲੀਅਨ ਡਾਲਰ ਤੋਂ ਵੱਧ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਸਰਵਿਸ ਓਂਟਾਰੀਓ ਦੇ ਕਰਮਚਾਰੀਆਂ ਨੇ ਚੋਰੀ ਦੇ ਵਾਹਨਾਂ ਦੀ ਨਾਜਾਇਜ਼ ਰਜਿਸਟਰੇਸ਼ਨ ’ਚ ਸਹਾਇਤਾ ਕੀਤੀ ਅਤੇ ਹੁਣ ਸਾਰੇ ਮੁਲਜ਼ਮਾਂ ਖ਼ਿਲਾਫ਼ ਅਦਾਲਤ ’ਚ ਕੇਸ ਚੱਲੇਗਾ। ਪਬਲਿਕ ਐਂਡ ਬਿਜ਼ਨਸ ਸਰਵਿਸ ਡਿਲਿਵਰੀ ਮੰਤਰਾਲੇ ਦੇ ਬੁਲਾਰੇ ਏਲੇਨ ਸਮੇਕ ਨੇ ਕਿਹਾ ਮੰਤਰਾਲਾ ਇਨ੍ਹਾਂ ਮਾਮਲਿਆਂ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ। ਮੰਤਰਾਲਾ ਇਹ ਨਹੀਂ ਦੱਸੇਗਾ ਕਿ ਕਿੰਨੇ ਕਰਮਚਾਰੀਆਂ ਨੂੰ ਚਾਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਚਾਰਜ ਕੀਤੇ ਗਏ ਵਿਅਕਤੀਆਂ ਵਿੱਚੋਂ 26 ਓਂਟਾਰੀਓ ਦੇ ਹਨ, ਜਦੋਂ ਕਿ ਦੋ ਸਸਕੈਚਵਨ ਤੋਂ ਹਨ। ਸ਼ੱਕੀ ਵਿਅਕਤੀਆਂ ਦੀ ਉਮਰ 27 ਤੋਂ 59 ਸਾਲ ਦੇ ਵਿਚਕਾਰ ਹੈ ਅਤੇ ਉਹ ਮੁੱਖ ਤੌਰ ’ਤੇ ਗ੍ਰੇਟਰ ਟੋਰਾਂਟੋ ਖੇਤਰ ਦੇ ਵਸਨੀਕ ਹਨ ਹਾਲਾਂਕਿ ਕੁਝ ਦੋਸ਼ੀ ਸਟੋਨੀ ਕ੍ਰੀਕ, ਕਿਚਨਰ, ਕੈਲੇਡਨ, ਬ੍ਰੈਡਫੋਰਡ ਅਤੇ ਗ੍ਰੈਵਨਹਰਸਟ ਦੇ ਵੀ ਹਨ।