ਸਟਾਰ ਭਾਰਤੀ ਪੁਰਸ਼ ਡਬਲਜ਼ ਜੋੜੀ ਸਾਤਵਿਕਸਾਈਰਾਜ ਰੰਕੀਰੈਡੀ ਅਤੇ ਚਿਰਾਗ ਸ਼ੈਟੀ ਨੇ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ‘ਚ ਵਿਸ਼ਵ ਦੀ ਦੂਜੇ ਨੰਬਰ ਦੀ ਜਾਪਾਨੀ ਜੋੜੀ ਤਾਕੁਰੋ ਹੋਕੀ ਅਤੇ ਯੁਗੋ ਕੋਬਾਯਾਸ਼ੀ ਨੂੰ ਹਰਾ ਕੇ ਨਵਾਂ ਇਤਿਹਾਸ ਰਚਿਆ। ਇਸ ਮਹੀਨੇ ਦੇ ਸ਼ੁਰੂ ‘ਚ ਰਾਸ਼ਟਰਮੰਡਲ ਖੇਡਾਂ ‘ਚ ਸੋਨ ਤਮਗਾ ਜਿੱਤਣ ਵਾਲੀ ਵਿਸ਼ਵ ਦੀ 7ਵੇਂ ਨੰਬਰ ਦੀ ਭਾਰਤੀ ਜੋੜੀ ਨੇ ਖ਼ਿਤਾਬ ਦੀ ਦਾਅਵੇਦਾਰ ਅਤੇ ਪਿਛਲੀ ਚੈਂਪੀਅਨ ਜਾਪਾਨੀ ਜੋੜੀ ਖ਼ਿਲਾਫ਼ ਸ਼ਾਨਦਾਰ ਪ੍ਰਦਸ਼ਨ ਕੀਤਾ। ਇੰਡੀਆ ਨੇ ਇਹ ਮੁਕਾਬਲਾ ਇਕ ਘੰਟੇ ਤੇ 15 ਮਿੰਟ ‘ਚ 24-22, 15-21, 21-14 ਨਾਲ ਜਿੱਤ ਕੇ ਸੈਮਫਾਈਨਲ ‘ਚ ਥਾਂ ਪੱਕੀ ਕੀਤੀ। ਇਸ ਦੇ ਨਾਲ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ‘ਚ ਆਪਣੇ ਲਈ ਤਗ਼ਮਾ ਪੱਕਾ ਕੀਤਾ। ਵਰਲਡ ਚੈਂਪੀਅਨਸ਼ਿਪ ‘ਚ ਡਬਲਜ਼ ‘ਚ ਇੰਡੀਆ ਦਾ ਇਹ ਦੂਜਾ ਤਗ਼ਮਾ ਹੈ। ਇਸ ਤੋਂ ਪਹਿਲਾਂ ਜਵਾਲਾ ਗੁੱਟਾ ਅਤੇ ਅਸ਼ਵਨੀ ਪੋਨੱਪਾ ਦੀ ਜੋੜੀ ਨੇ 2011 ‘ਚ ਮਹਿਲਾ ਡਬਲਜ਼ ‘ਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।
ਦੂਜੇ ਪਾਸੇ ਇੰਡੀਆ ਭਾਰਤ ਦੇ ਐੱਚ.ਐੱਸ. ਪ੍ਰਣਯ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਹਮਵਤਨ ਤੇ ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਲਕਸ਼ੇ ਸੇਨ ਨੂੰ ਹਰਾ ਕੇ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ। ਓਲੰਪਿਕਸ ਕਾਂਸੀ ਤਗ਼ਮਾ ਜੇਤੂ ਸਾਇਨਾ ਨੇਹਵਾਲ ਮਹਿਲਾ ਸਿੰਗਲਜ਼ ਦੇ ਪ੍ਰੀ ਕੁਆਰਟਰ ਫਾਈਨਲ ‘ਚ ਸਖ਼ਤ ਚੁਣੌਤੀ ਪੇਸ਼ ਕਰਨ ਤੋਂ ਬਾਅਦ ਬੁਸਾਨਨ ਓਂਗਬਾਂਰੁੰਗਫਾਨ ਹੱਥੋਂ ਹਾਰ ਕੇ ਬਾਹਰ ਹੋ ਗਈ। ਪ੍ਰਣਯ ਨੇ ਲਕਸ਼ੇ ਖ਼ਿਲਾਫ਼ 17-21, 21-16, 21-17 ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਤੋਂ ਬਾਅਦ ਦੋਵਾਂ ਵਿਚਾਲੇ ਜਿੱਤ ਹਾਰ ਦਾ ਰਿਕਾਰਡ 2-2 ਦਾ ਹੋ ਗਿਆ ਹੈ। ਹੁਣ ਪ੍ਰਣਯ ਦਾ ਸਾਹਮਣਾ ਚੀਨ ਦੇ ਝਾਓ ਜੁਨ ਪੇਂਗ ਨਾਲ ਹੋਵੇਗਾ। ਦੋ ਭਾਰਤੀ ਪੁਰਸ਼ ਡਬਲਜ਼ ਜੋੜੀਆਂ ਵੀ ਕੁਆਰਟਰ ਫਾਈਨਲ ‘ਚ ਪੁੱਜਣ ‘ਚ ਕਾਮਯਾਬ ਰਹੀਆਂ। ਅਰਜੁਨ ਤੇ ਕਪਿਲਾ ਦੀ ਗ਼ੈਰ ਦਰਜਾ ਜੋੜੀ ਨੇ 58 ਮਿੰਟ ਤਕ ਚੱਲੇ ਰੋਮਾਂਚਕ ਮੁਕਾਬਲੇ ‘ਚ ਸਿੰਗਾਪੁਰ ਦੇ ਟੈਰੀ ਹੀ ਤੇ ਲੋਹ ਕੀਨ ਹੀਨ ‘ਤੇ 18-21, 21-15, 21-16 ਨਾਲ ਜਿੱਤ ਦਰਜ ਕੀਤੀ। ਹੁਣ ਉਨ੍ਹਾਂ ਦਾ ਸਾਹਮਣਾ ਇੰਡੋਨੇਸ਼ੀਆ ਦੇ ਮੁਹੰਮਦ ਅਸਾਨ ਤੇ ਹੇਂਡਰਾ ਸੇਤੀਆਵਾਨ ਨਾਲ ਹੋਵੇਗਾ। ਕਪਿਲਾ ਤੇ ਅਰਜੁਨ ਨੇ ਦੂਜੇ ਗੇੜ ‘ਚ ਅੱਠਵਾਂ ਦਰਜਾ ਹਾਸਲ ਕੀਤਾ ਤੇ ਪਿਛਲੀ ਵਾਰ ਦੇ ਕਾਂਸੀ ਦੇ ਤਮਗੇ ਜੇਤੂ ਡੈਨਮਾਰਕ ਦੇ ਕਿਮ ਏਸਟੂਪ ਤੇ ਏਂਡਰਸ ਸਕਾਰੂਪ ਰਾਸਮੁਸੇਨ ਨੂੰ ਹਰਾਇਆ ਸੀ।
ਚਿਰਾਗ ਸ਼ੈਟੀ ਤੇ ਰੰਕੀਰੈਡੀ ਦੀ ਜੋੜੀ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ‘ਚ ਅੱਗੇ ਵਧੀ
Related Posts
Add A Comment