ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸੂਬੇ ਦੀ ‘ਆਪ’ ਸਰਕਾਰ ਦਾ ਰਵੱਈਆ ਸਿੱਖ ਕੌਮ ਵਿਰੋਧੀ ਹੈ ਅਤੇ ਇਸ ਸਰਕਾਰ ਤੋਂ ਸਿੱਖਾਂ ਨੂੰ ਆਪਣੇ ਮਸਲੇ ਹੱਲ ਹੋਣ ਦੀ ਕੋਈ ਉਮੀਦ ਨਹੀਂ ਹੈ। ਗੜ੍ਹਦੀਵਾਲਾ ਦੇ ਖਾਲਸਾ ਕਾਲਜ ‘ਚ ਮੀਡੀਆ ਨਾਲ ਗੱਲਬਾਤ ਦੌਰਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਬੇਅਦਬੀ ਮਾਮਲਿਆਂ ‘ਚ ਸਰਕਰ ਬਣਨ ‘ਤੇ 24 ਘੰਟਿਆਂ ਅੰਦਰ ਇਨਸਾਫ਼ ਦੇਣ ਦਾ ਦਾਅਵਾ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸੁਪਰੀਮੋ ਅਰਵਿੰਦ ਕੇਜਰੀਵਾਲ ਛੇ ਮਹੀਨਿਆਂ ਬਾਅਦ ਵੀ ਸਿਰਫ਼ ਵਿਰੋਧੀ ਆਗੂਆਂ ‘ਤੇ ਦੂਸ਼ਣਬਾਜ਼ੀ ਤੋਂ ਅੱਗੇ ਨਹੀਂ ਵਧ ਸਕੇ। ਉਨ੍ਹਾਂ ਕਿਹਾ ਕਿ ‘ਆਪ’ ਨੇ ਬੇਅਦਬੀ ਮਾਮਲਿਆਂ ‘ਤੇ ਸਿਰਫ਼ ਰਾਜਨੀਤੀ ਅਤੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਪ੍ਰਧਾਨ ਧਾਮੀ ਨੇ ਸਿੱਖਾਂ ਦੀਆਂ ਭਾਵਨਾਵਾਂ ਅਨੁਸਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਰਥਕ ਯਤਨ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ‘ਆਪ’ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਬੇਅਦਬੀ ਦੇ ਮੁੱਦੇ ‘ਤੇ ਰਾਜਨੀਤੀ ਕਰਨ ਵਾਲੀ ਕਾਂਗਰਸ ਦੇ ਦੋ ਮੁੱਖ ਮੰਤਰੀ ਆਪਣੀ ਕੁਰਸੀ ਗੁਆ ਚੁੱਕੇ ਹਨ। ਹਰਜਿੰਦਰ ਸਿੰਘ ਧਾਮੀ ਨੇ ਕਿਹਾ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਯਤਨਸ਼ੀਲ ਹੈ ਅਤੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵਿੱਚ ਅੜਿੱਕਾ ਬਣਨ ਵਾਲੀ ਦਿੱਲੀ ਦੀ ਕੇਜਰੀਵਾਲ ਸਰਕਾਰ ਦਾ ਚਿਹਰਾ ਲੋਕਾਂ ਅੱਗੇ ਨੰਗਾ ਕੀਤਾ ਜਾਵੇਗਾ।